ਜੇਠੂਵਾਲ, 2 ਫਰਵਰੀ (ਮਿੱਤਰਪਾਲ ਸਿੰਘ ਰੰਧਾਵਾ)- ਕੇਂਦਰ ਵਿਚਲੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਵੱਲੋਂ 2026 ਦਾ ਪੇਸ਼ ਕੀਤਾ ਗਿਆ ਬਜਟ ਵਿਚ ਕਿਸੇ ਵੀ ਵਰਗ ਨੂੰ ਸਹੂਲਤ ਨਾ ਦੇਣ ਕਰ ਕੇ ਇਹ ਬਜਟ ਜਿੱਥੇ ਲੋਕ ਵਿਰੋਧੀ ਸਾਬਤ ਹੋਇਆ ਹੈ ਉਥੇ ਪੰਜਾਬ ਨੂੰ ਇਸ ਪੇਸ਼ ਕੀਤੇ ਬਜਟ ਵਿਚ ਕੋਈ ਵੀ ਸਹੂਲਤ ਨਾ ਦੇਣ ਕਾਰਨ ਇਹ ਪੰਜਾਬ ਵਿਰੋਧੀ ਸਾਬਤ ਹੋਇਆ ਹੈ ਜਿਸ ਨਾਲ ਕੇਂਦਰ ਦਾ ਪੰਜਾਬ ਵਿਰੋਧੀ ਚਿਹਰਾ ਬੇਨਕਾਬ ਹੋਇਆ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਮੈਂਬਰ ਪਾਰਲੀਮੈਂਟ ਤੇ ਹਲਕਾ ਪੂਰਬੀ ਦੇ ਕਾਂਗਰਸੀ ਇੰਚਾਰਜ ਜਸਬੀਰ ਸਿੰਘ ਡਿੰਪਾ ਨੇ ਗੱਲਬਾਤ ਦੌਰਾਨ ਕੀਤਾ | ਉਨ੍ਹਾਂ ਕਿਹਾ ਕਿ ਆਪ ਸੁਪਰੀਮੋ ਕੇਜਰੀਵਾਲ ਵੱਲੋਂ ਇਸ ਬਜਟ ਤੇ ਨਾ ਬੋਲਣ ਇਹ ਸਾਬਤ ਕਰਦਾ ਹੈ ਕਿ ਇਹ ਮੌਕਾਪ੍ਰਸਤ ਲੀਡਰ ਹੈ ਕਿਉਂਕਿ ਇਸ ਨੇ ਬਜਟ ਤੇ ਪੰਜਾਬ ਦੇ ਹੱਕਾਂ, ਲੋੜਾਂ ਤੇ ਉਮੀਦਾਂ ਪ੍ਰਤੀ ਕੋਈ ਗੰਭੀਰਤਾ ਵਾਲੀ ਗੱਲ ਨਹੀ ਕੀਤੀ ਅਤੇ ਦੂਸਰੇ ਪਾਸੇ ਗੋਆ ਵਿਚ ਹੋਣ ਵਾਲੀਆਂ ਚੋਣਾਂ ਨੇੜੇ ਹੋਣ ਕਰ ਕੇ ਆਪਣੀਆਂ ਚੋਣ ਸਰਗਰਮੀਆਂ ਉੱਥੇ ਰੱਖੀਆਂ ਹਨ ਕਿਉ ਕਿ ਉਹ ਉੱਥੋਂ ਚੋਣ ਲੜਨ ਦੀ ਤਿਆਰੀ ਕਰ ਰਿਹਾ ਹੈ ਜਿਸ ਤੋਂ ਸਾਬਤ ਹੁੰਦਾ ਹੈ ਕਿ ਇਹ ਭਾਜਪਾ ਨਾਲ ਮਿਲਿਆ ਹੈ ਇਸ ਨੂੰ ਪੰਜਾਬ ਨਾਲ ਕੋਈ ਲੈਣਾ ਦੇਣਾ ਨਹੀ | ਡਿੰਪਾ ਨੇ ਅੱਗੇ ਕਿਹਾ ਕਿ ਇਹ ਬਜਟ ਪੂਰੀ ਤਰ੍ਹਾਂ ਸਹੂਲਤਾਂ ਤੋਂ ਸੱਖਣਾ ਹੈ ਜਿਸ ਦਾ ਕਾਂਗਰਸ ਪਾਰਟੀ ਡਟ ਕੇ ਵਿਰੋਧ ਕਰਦੀ ਹੈ ਅਤੇ ਕੇਂਦਰ ਸਰਕਾਰ ਜਿਸ ਤਰਾ ਦੂਸਰੇ ਸੂਬਿਆਂ ਨੂੰ ਸਹੂਲਤਾਂ ਦੇ ਰਹੀ ਹੈ ਉਸ ਤਰਜ਼ 'ਤੇ ਪੰਜਾਬ ਨੂੰ ਵੀ ਬਣਦੀਆਂ ਸਹੂਲਤਾਂ ਦੇਵੇ | ਇਸ ਮੌਕੇ ਕੌਂਸਲਰ ਅੰਮਿ੍ਤਪਾਲ ਸਿੰਘ, ਧਰਮਵੀਰ ਸਿੰਘ ਵੇਰਕਾ, ਲੱਕੀ ਸੰਧੂ ਵੇਰਕਾ, ਇਕਬਾਲ ਸਿੰਘ ਮੂਧਲ, ਸਤਨਾਮ ਸਿੰਘ ਮੂਧਲ, ਸੰਮਤੀ ਮੈਂਬਰ ਅਰਸ਼ਦੀਪ ਸਿੰਘ ਆਦਿ ਸ਼ਾਮਲ ਸਨ |
ਕੇਂਦਰ ਵਲੋਂ ਪੇਸ਼ ਕੀਤਾ ਬਜਟ ਪੰਜਾਬ ਵਿਰੋਧੀ ਸਾਬਿਤ ਹੋਇਆ-ਜਸਬੀਰ ਸਿੰਘ ਡਿੰਪਾ <br/>
ਅਜੀਤ ਡੈਸਕ
03-02-2026