ਅਟਾਰੀ, 22 ਫਰਵਰੀ (ਗੁਰਦੀਪ ਸਿੰਘ ਅਟਾਰੀ/ਰਾਜਿੰਦਰ ਸਿੰਘ ਰੂਬੀ)-ਕੌਮਾਂਤਰੀ ਅਟਾਰੀ ਹਾਈਵੇ 'ਤੇ ਸਥਿਤ ਸੰਤ ਨਿਰੰਕਾਰੀ ਸਤਿਸੰਗ ਭਵਨ ਅਟਾਰੀ ਵਿਖੇ ਡੇਰਾ ਮੁਖੀ ਸ਼ਾਮ ਲਾਲ ਦੀ ਅਗਵਾਈ ਹੇਠ ਮੀਟਿੰਗ ਹੋਈ ਜਿਸ ਵਿਚ ਸੰਤ ਨਿਰੰਕਾਰੀ ਮਿਸ਼ਨ ਨਾਲ ਜੁੜੀਆਂ ਸੰਗਤਾਂ ਨੇ ਵੱਡੀ ਗਿਣਤੀ ਵਿਚ ਹਿੱਸਾ ਲਿਆ | ਸੰਤ ਸ਼ਾਮ ਲਾਲ ਨੇ ਸੰਗਤਾਂ ਨੂੰ ਕਿਹਾ ਕਿ ਸਫਾਈ ਰੱਖਣ ਨਾਲ ਤੰਦਰੁਸਤੀ ਰਹਿੰਦੀ ਅਤੇ ਬਿਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ | ਸਾਨੂੰ ਘਰਾਂ ਦੇ ਆਲੇ ਦੁਆਲੇ ਅਤੇ ਹੋਰ ਸਥਾਨਾਂ ਨੂੰ ਸਾਫ ਰੱਖਣਾ ਚਾਹੀਦਾ ਹੈ | ਉਨ੍ਹਾਂ ਨੇ ਪੰਜਾਬ ਨੂੰ ਹਰਿਆ-ਭਰਿਆ ਬਣਾਉਣ ਲਈ ਬੂਟੇ ਲਗਾਉਣ ਲਈ ਪ੍ਰੇਰਿਤ ਕਰਦੇ ਕਿਹਾ ਕਿ ਸਾਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ ਤਾਂ ਜੋ ਸਾਨੂੰ ਆਸਾਨੀ ਨਾਲ ਆਕਸੀਜਨ ਮਿਲ ਸਕੇ | ਸੰਤ ਸ਼ਾਮ ਲਾਲ ਨੇ ਕਿਹਾ ਕਿ ਖੂਨ ਦਾਨ ਮਹਾ ਦਾਨ ਹੈ | ਐਕਸੀਡੈਂਟ ਦੌਰਾਨ ਜ਼ਖ਼ਮੀ ਹੋਏ ਇਨਸਾਨਾਂ ਦੀਆਂ ਕੀਮਤੀ ਜਾਨਾ ਬਚਾਉਣ ਲਈ ਸਾਨੂੰ ਵੱਧ ਤੋਂ ਵੱਧ ਖੂਨਦਾਨ ਕਰਨਾ ਚਾਹੀਦਾ ਹੈ | ਉਨ੍ਹਾਂ ਨੇ ਅਟਾਰੀ ਵਿਚ ਵੀ ਸਫਾਈ ਅਭਿਆਨ ਚਲਾਇਆ ਅਤੇ ਪਿੰਡ ਕਾਉਂਕੇ ਦੇ ਸ਼ਹੀਦ ਬਲਿਹਾਰ ਸਿੰਘ ਸਰਕਾਰੀ ਐਲੀਮੈਂਟਰੀ ਸਕੂਲ ਦੇ ਆਲੇ-ਦੁਆਲੇ ਅਤੇ ਅੰਦਰਲੇ ਹਿੱਸੇ ਦੀ ਸਫਾਈ ਕੀਤੀ | ਜਸਬੀਰ ਸਿੰਘ ਲਾਹੌਰੀਮੱਲ ਨੇ ਕਿਹਾ ਕਿ ਬਾਬਾ ਹਰਦੇਵ ਸਿੰਘ ਦੇ ਜਨਮ ਦਿਹਾੜੇ ਮੌਕੇ ਸਾਰੇ ਸਥਾਨਾਂ ਤੇ ਸਫਾਈ ਅਭਿਆਨ ਚਲਾਇਆ ਗਿਆ ਹੈ | ਪਿੰਡ ਕਾਉਂਕੇ ਦੇ ਸਰਪੰਚ ਹਰਪਾਲ ਸਿੰਘ ਰਾਣਾ ਨੇ ਸਫਾਈ ਅਭਿਆਨ ਚਲਾਉਣ ਤੇ ਸੰਤ ਨਿਰੰਕਾਰੀ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ | ਇਸ ਮੌਕੇ ਜਸਬੀਰ ਸਿੰਘ ਲਹੌਰੀਮੱਲ, ਬੱਲੋ ਸਿੰਘ ਕਾਉਂਕੇ, ਬਾਜ ਸਿੰਘ ਕਾਉਂਕੇ ਅਤੇ ਹਰਜੀਤ ਸਿੰਘ ਆਦਿ ਸੰਗਤਾਂ ਮੌਜੂਦ ਸਨ ਜਿਨਾਂ ਨੇ ਵੱਖ-ਵੱਖ ਸਥਾਨਾਂ ਤੋਂ ਸਫਾਈ ਕੀਤੀ |