ਜੇਠੂਵਾਲ, 23 ਫਰਵਰੀ (ਮਿੱਤਰਪਾਲ ਸਿੰਘ ਰੰਧਾਵਾ)-ਗਲੋਬਲ ਇੰਸਟੀਚਿਊਟਸ ਵਿਖੇ ਇਕ ਰੋਜ਼ਾ ਅੰਤਰਰਾਸ਼ਟਰੀ ਸੈਮੀਨਾਰ ਕਰਵਾਇਆ | ਇੰਸਟੀਚਿਊਟ ਚੇਅਰਮੈਨ ਡਾ. ਬੀ. ਐੱਸ. ਚੰਦੀ ਤੇ ਇੰਸਟੀਚਿਊਟ ਦੇ ਵਾਈਸ ਚੇਅਰਮੈਨ ਡਾ. ਆਕਾਸ਼ਦੀਪ ਸਿੰਘ ਚੰਦੀ ਦੇ ਸਾਂਝੇ ਸਹਿਯੋਗ ਨਾਲ ਕਰਵਾਏ ਉਕਤ ਸੈਮੀਨਾਰ ਮੌਕੇ ਆਈ. ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਸੁਸ਼ੀਲ ਮਿੱਤਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਇਸ ਮੌਕੇ ਡਾ. ਸੁਸ਼ੀਲ ਮਿੱਤਲ ਨੇ ਖੋਜ-ਅਧਾਰਿਤ ਸਿੱਖਿਆ ਦੀ ਮਹੱਤਤਾ 'ਤੇ ਜ਼ੋਰ ਦਿੰਦਿਆਂ ਫੈਕਲਟੀ ਮੈਂਬਰਾਂ ਨੂੰ ਨਵੀਨਤਾ ਅਤੇ ਸਹਿਯੋਗੀ ਖੋਜ ਪਹਿਲਕਦਮੀਆਂ 'ਚ ਸਰਗਰਮੀ ਨਾਲ ਸ਼ਾਮਿਲ ਹੋਣ ਲਈ ਪ੍ਰੇਰਿਤ ਕੀਤਾ | ਉਨ੍ਹਾਂ ਕਿਹਾ ਕਿ ਅਕਾਦਮਿਕ ਸੰਸਥਾਵਾਂ ਨੂੰ ਰਾਸ਼ਟਰ-ਨਿਰਮਾਣ ਤੇ ਵਿਸ਼ਵਵਿਆਪੀ ਮੁਕਾਬਲੇਬਾਜ਼ੀ ਨੂੰ ਮਜ਼ਬੂਤ ਕਰਨ ਲਈ ਪੁੱਛਗਿੱਛ, ਆਲੋਚਨਾਤਮਕ ਸੋਚ ਅਤੇ ਉਦਯੋਗ-ਅਕਾਦਮਿਕ ਸਹਿਯੋਗ ਦੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ | ਇਸ ਮੌਕੇ ਚੇਅਰਮੈਨ ਡਾ. ਬੀ. ਐੱਸ. ਚੰਦੀ ਨੇ ਕਿਹਾ ਕਿ ਇੰਸਟੀਚਿਊਟਸ ਆਪਣੇ ਸਮੂਹ ਫੈਕਲਟੀ ਮੈਂਬਰਾਂ 'ਚ ਖੋਜ ਨੂੰ ਸਰਗਰਮੀ ਨਾਲ ਪ੍ਰੇਰਿਤ ਕਰ ਰਿਹਾ ਹੈ ਅਤੇ ਸੰਸਥਾ ਦੇ ਅੰਦਰ ਅਕਾਦਮਿਕ ਉੱਤਮਤਾ ਤੇ ਨਵੀਨਤਾ ਨੂੰ ਲਗਾਤਾਰ ਉਤਸ਼ਾਹਿਤ ਕਰ ਰਿਹਾ ਹੈ | ਇਸ ਤੋਂ ਪਹਿਲਾਂ ਉਦਘਾਟਨੀ ਸੈਸ਼ਨ ਦੌਰਾਨ ਵਾਈਸ ਚੇਅਰਮੈਨ ਡਾ. ਚੰਦੀ ਨੇ ਇੰਸਟੀਚਿਊਟਸ ਦੇ ਦਿ੍ਸ਼ਟੀਕੋਣ, ਮਿਸ਼ਨ ਤੇ ਮਹੱਤਵਪੂਰਨ ਪ੍ਰਾਪਤੀਆਂ 'ਤੇ ਚਾਨਣਾ ਪਾਇਆ | ਉਨ੍ਹਾਂ ਕਿਹਾ ਕਿ ਇਸ ਸੈਮੀਨਾਰ ਦੌਰਾਨ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ ਪ੍ਰੋਫੈਸਰ ਡਾ. ਹਰਪ੍ਰੀਤ ਕੌਰ ਨੇ ਜਲਵਾਯੂ ਪਰਿਵਰਤਨ ਦੀ ਮਹੱਤਤਾ ਤੇ ਖੋਜ ਅਤੇ ਨਵੀਨਤਾ 'ਚ ਫੈਕਲਟੀ ਦੀ ਸਰਗਰਮ ਭਾਗੀਦਾਰੀ 'ਤੇ ਜ਼ੋਰ ਦਿੰਦਿਆਂ ਰਾਸ਼ਟਰੀ ਵਿਕਾਸ 'ਚ ਇਸਦੇ ਮਹੱਤਵਪੂਰਨ ਯੋਗਦਾਨ ਨੂੰ ਉਜਾਗਰ ਕੀਤਾ | ਉਨ੍ਹਾਂ ਕਿਹਾ ਕਿ ਇਸ ਦੌਰਾਨ ਮਹਿਮਾਨਾਂ ਵਲੋਂ ਕਾਨਫਰੰਸ ਦੀ ਐਬਸਟਰੈਕਟ ਬੁੱਕ ਜਾਰੀ ਕੀਤੀ ਗਈ | ਇਸ ਮੌਕੇ ਡਾ. ਚੰਦੀ ਨੇ ਕਿਹਾ ਕਿ ਉਕਤ ਸੈਮੀਨਾਰ ਦੌਰਾਨ ਤਿੰਨ ਸਮਾਨਾਂਤਰ ਟਰੈਕਾਂ ਦਾ ਆਯੋਜਨ ਪ੍ਰਸਿੱਧ ਅਕਾਦਮਿਕ ਮਾਹਿਰਾਂ ਦੀ ਪ੍ਰਧਾਨਗੀ 'ਚ ਕੀਤਾ ਗਿਆ, ਜਿਸ 'ਚ ਇੰਜੀਨੀਅਰਿੰਗ ਟਰੈਕ ਸੈਸ਼ਨ ਦੀ ਪ੍ਰਧਾਨਗੀ ਕੰਪਿਊਟਰ ਸਾਇੰਸ ਇੰਜੀਨੀਅਰਿੰਗ, ਜੀ. ਐਨ. ਡੀ. ਯੂ. ਸਾਬਕਾ ਪ੍ਰੋਫੈਸਰ ਡਾ. ਹਰਦੀਪ ਸਿੰਘ, ਮੈਨੇਜਮੈਂਟ ਟਰੈਕ ਸੈਸ਼ਨ ਦੀ ਪ੍ਰਧਾਨਗੀ ਯੂਨੀਵਰਸਿਟੀ ਸਕੂਲ ਆਫ ਫਾਈਨੈਂਸ਼ੀਅਲ ਸਟੱਡੀਜ਼ ਵਿਭਾਗ, ਜੀ. ਐਨ. ਡੀ. ਯੂ. ਪ੍ਰੋਫੈਸਰ (ਡਾ.) ਬਲਵਿੰਦਰ ਸਿੰਘ ਅਤੇ ਫਾਰਮੇਸੀ ਟਰੈਕ ਸੈਸ਼ਨ ਦੀ ਪ੍ਰਧਾਨਗੀ ਫਾਰਮਾਸਿਊਟੀਕਲ ਸਾਇੰਸਜ਼ ਵਿਭਾਗ, ਜੀ. ਐਨ. ਡੀ. ਯੂ. ਪ੍ਰੋਫੈਸਰ (ਡਾ.) ਸੁਭੀਤ ਕੁਮਾਰ ਜੈਨ ਨੇ ਕੀਤੀ | ਅੰਤਰਰਾਸ਼ਟਰੀ ਕਾਨਫਰੰਸ 'ਚ ਕੁਲ 153 ਖੋਜ ਪੱਤਰ ਪੇਸ਼ ਕੀਤੇ ਗਏ | ਉਨ੍ਹਾਂ ਕਿਹਾ ਕਿ ਇੰਜੀਨੀਅਰਿੰਗ ਟਰੈਕ ਲਈ ਜੀਜੀਆਈ ਤੋਂ ਪ੍ਰੋ. ਮਨਜੀਤ ਸਿੰਘ ਢਿੱਲੋਂ ਤੇ ਪ੍ਰੋ. ਕੰਵਲਦੀਪ ਕੌਰ, ਫਾਰਮੇਸੀ ਅਤੇ ਅਪਲਾਈਡ ਸਾਇੰਸ ਲਈ ਜੀ. ਐਨ. ਡੀ. ਯੂ., ਗਣਿਤ ਵਿਭਾਗ ਤੋਂ ਹਰਪ੍ਰੀਤ ਕੌਰ ਤੇ ਮੈਨੇਜਮੈਂਟ ਲਈ ਜੀ. ਜੀ. ਆਈ. ਤੋਂ ਪ੍ਰੋ. ਮਾਨਸੀ ਕੌਰ ਦੇ ਵਧੀਆ ਪੇਪਰ ਵੀ ਚੁਣੇ ਗਏ |