ਮਜੀਠਾ, 26 ਫਰਵਰੀ (ਜਗਤਾਰ ਸਿੰਘ ਸਹਿਮੀ)-ਕਸਬਾ ਮਜੀਠਾ ਵਿਖੇ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਇਕ ਅਹਿਮ ਇਕੱਤਰਤਾ ਜ਼ਿਲ੍ਹਾ ਪ੍ਰਧਾਨ ਗੁਰਮਿੰਦਰ ਕੌਰ ਹਰੀਆਂ ਦੀ ਅਗਵਾਈ ਵਿਚ ਹੋਈ, ਜਿਸ ਦੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰਧਾਨ ਗੁਰਮਿੰਦਰ ਕੌਰ ਹਰੀਆਂ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸੱਤਾ 'ਚ ਆਏ ਚਾਰ ਸਾਲ ਬੀਤਣ 'ਤੇ ਵੀ ਸੱਤਾ ਤੋਂ ਪਹਿਲਾਂ ਬਹੁਤ ਸਾਰੀਆਂ ਗਰੰਟੀਆਂ ਦਿੱਤੀਆਂ ਸਨ ਜੋ ਅਜੇ ਤੱਕ ਪੂਰੀਆਂ ਨਹੀਂ ਕੀਤੀਆਂ ਗਈਆਂ | ਉਨ੍ਹਾਂ ਗਾਰਟੀਆਂ 'ਚ ਆਂਗਣਵਾੜੀ ਵਰਕਰਾਂ ਹੈਲਪਰਾਂ ਦੀਆਂ ਸਮੱਸਿਆਵਾਂ ਦਾ ਹੱਲ ਪਹਿਲ ਦੇ ਆਧਾਰ 'ਤੇ ਕਰਨਾ ਅਤੇ ਮਾਣਭੱਤੇ 'ਚ ਦੁੱਗਣਾ ਵਾਧਾ ਕਰਨਾ ਵੀ ਸ਼ਾਮਿਲ ਸੀ | ਉਨ੍ਹਾਂ ਦੱਸਿਆ ਕਿ ਵੱਖ-ਵੱਖ ਮੀਟਿੰਗਾਂ ਵਿਚ ਹੋਰ ਵੀ ਬਹੁਤ ਸਾਰੀਆਂ ਮੰਗਾਂ 'ਤੇ ਵਿਸ਼ਵਾਸ ਦਵਾਇਆ ਗਿਆ ਸੀ, ਜਿਸ ਤੇ ਸਰਕਾਰ ਵਲੋਂ ਵਾਅਦਾ ਖ਼ਿਲਾਫ਼ੀ ਕੀਤੀ ਗਈ ਹੈ | ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਵਲੋਂ ਫੇਸ ਰਿਕੋਗਨਾਈਜੇਸ਼ਨ ਸਿਸਟਮ ਦੇ ਤਹਿਤ ਲਾਭਪਾਤਰੀਆਂ ਦੀ ਸ਼ਨਾਖ਼ਤ ਕਰਨ ਲਈ ਆਂਗਣਵਾੜੀ ਕੇਂਦਰਾਂ ਵਿਚ ਮੋਬਾਈਲ ਖ਼ਰੀਦ ਕੇ ਦੇਣੇ ਸਨ ਪਰ ਚਾਰ ਸਾਲ ਬੀਤਣ 'ਤੇ ਆਂਗਣਵਾੜੀ ਵਰਕਰਾਂ ਨੂੰ ਮੋਬਾਈਲ ਫੋਨ ਖਰੀਦ ਕੇ ਨਹੀਂ ਦਿੱਤੇ ਗਏ, ਜਿਸ 'ਤੇ ਵਿਭਾਗ ਦੇ ਅਕਸ ਨੂੰ ਬਚਾਉਣ ਲਈ ਆਂਗਣਵਾੜੀ ਵਰਕਰਾਂ ਆਪਣੇ ਮੋਬਾਈਲ ਫੋਨਾ ਤੋਂ ਕੰਮ ਕਰਨ ਲਈ ਮਜਬੂਰ ਹਨ | ਗੁਰਮਿੰਦਰ ਕੌਰ ਹਰੀਆਂ ਨੇ ਦੱਸਿਆ ਕਿ ਐੱਫ. ਆਰ. ਐੱਸ. ਨੂੰ ਬਹਾਨਾ ਬਣਾ ਕੇ ਅਜਨਾਲਾ ਤੋਂ ਇਕ ਵਰਕਰ ਦੀਆਂ ਸੇਵਾਵਾਂ ਖ਼ਤਮ ਕਰ ਦਿੱਤੀਆਂ ਗਈਆਂ, ਜੋ ਆਂਗਣਵਾੜੀ ਵਰਕਰਾਂ ਨਾਲ ਸਰਾ ਸਰ ਵੱਡਾ ਧੱਕਾ ਹੈ ਜਦੋਂ ਕਿ ਸਰਕਾਰ ਵਲੋਂ ਕੰਮ ਕਰਨ ਲਈ ਮੋਬਾਈਲ ਫੋਨ ਜਾਰੀ ਨਹੀਂ ਕੀਤੇ ਗਏ | ਉਨ੍ਹਾਂ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਜਸਵਿੰਦਰ ਕੌਰ ਦੀਆਂ ਖਤਮ ਕੀਤੀਆਂ ਸੇਵਾਵਾਂ ਤੁਰੰਤ ਬਹਾਲ ਕੀਤੀਆਂ ਜਾਣ | ਉਨ੍ਹਾਂ ਅੱਗੇ ਗੱਲ ਕਰਦਿਆਂ ਕਿਹਾ ਕਿ ਨਵੀਂ ਭਰਤੀ 'ਚ ਇੰਟਰਵਿਊ ਦੇ 5 ਨੰਬਰ ਸਿੱਧੇ ਸਿੱਧੇ ਤੌਰ 'ਤੇ ਭਿ੍ਸ਼ਟਾਚਾਰ ਨੂੰ ਜਨਮ ਦਿੰਦੇ ਹਨ | ਇਸ ਤੋਂ ਇਲਾਵਾ ਬੱਚਿਆਂ ਲਈ ਦਿੱਤੀ ਜਾ ਰਹੀ ਸਪਲੀਮੈਂਟਰੀ ਨਿਊਟ੍ਰਰੀਸ਼ਨ, ਜਿਸ 'ਚ ਖਿਚੜੀ, ਨਮਕੀਨ ਦਲੀਆ ਅਤੇ ਮਿੱਠਾ ਦਲੀਆ ਸ਼ਾਮਿਲ ਹੈ, ਜਿਸ ਨੂੰ ਪੰਜਾਬ ਦੇ ਲਾਭ ਪਾਤਰੀ ਪਸੰਦ ਨਹੀਂ ਕਰ ਰਹੇ, ਜਥੇਬੰਦੀ ਵਲੋਂ ਵੀ ਇਸ ਵਿਚ ਕਈ ਵਾਰ ਸੁਧਾਰ ਦੀ ਮੰਗ ਕੀਤੀ ਜਾ ਚੁੱਕੀ ਹੈ | ਉਨ੍ਹਾਂ ਕਿਹਾ ਕਿ ਐੱਨ. ਜੀ. ਓ. ਨੂੰ ਦਿੱਤੀ ਗਈ ਫੀਡ ਵਾਪਸ ਵਿਭਾਗ ਵਿਚ ਸ਼ਾਮਿਲ ਕਰਨ ਅਤੇ ਪੈਨਸ਼ਨ ਗਰੈਜੂਟੀ ਲਾਗੂ ਕਰਾਉਣਾ ਆਦਿ ਮੰਗਾਂ ਨੂੰ ਲੈ ਕੇ ਜਥੇਬੰਦੀ ਵਲੋਂ 1 ਮਾਰਚ 2026 ਨੂੰ ਮਲੋਟ ਵਿਖੇ ਵਿਭਾਗੀ ਮੰਤਰੀ ਡਾ: ਬਲਜੀਤ ਕੌਰ ਦਾ ਘਿਰਾਓ ਕੀਤਾ ਜਾਵੇਗਾ |