ਅਟਾਰੀ, 5 ਮਾਰਚ (ਗੁਰਦੀਪ ਸਿੰਘ ਅਟਾਰੀ)-ਦਿਹਾਤੀ ਅਧੀਨ ਆਉਂਦੇ ਬਲਾਕ ਅਟਾਰੀ 'ਚ ਚੇਅਰਮੈਨ ਦੀ ਚੋਣ ਸੰਬੰਧੀ ਸਾਬਕਾ ਵਜ਼ੀਰ ਗੁਲਜ਼ਾਰ ਸਿੰਘ ਰਣੀਕੇ ਵਲੋਂ ਧੱਕੇਸ਼ਾਹੀ ਦੇ ਦੋਸ਼ ਲਗਾਏ ਗਏ ਹਨ ਅਤੇ ਇਸਨੂੰ ਜਮਹੂਰੀਅਤ ਦਾ ਕਤਲ ਦੱਸਿਆ ਗਿਆ ਹੈ | ਅੱਜ ਇਸ ਸੰਬੰਧੀ ਸ਼੍ਰੋਮਣੀ ਅਕਾਲੀ ਦਲ ਦੇ 9 ਮੈਂਬਰ ਬਲਾਕ ਅਟਾਰੀ ਪਹੁੰਚੇ, 1 ਮੈਂਬਰ ਆਜ਼ਾਦ ਅਤੇ 1 ਕਾਂਗਰਸ ਪਾਰਟੀ ਮੈਂਬਰ ਮੌਜੂਦ ਸੀ, ਜਿਨ੍ਹਾਂ ਵਲੋਂ ਸ਼੍ਰੋਮਣੀ ਅਕਾਲੀ ਦਲ ਦਾ ਸਮਰਥਨ ਕੀਤਾ ਗਿਆ ਅਤੇ ਸਾਬਕਾ ਕੈਬਨਿਟ ਮੰਤਰੀ ਜਥੇ. ਗੁਲਜ਼ਾਰ ਸਿੰਘ ਰਣੀਕੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਗੁਰਿੰਦਰਪਾਲ ਸਿੰਘ ਲਾਲੀ ਰਣੀਕੇ ਨਾਲ ਤਸਵੀਰਾਂ ਵੀ ਕਰਵਾਈਆਂ ਅਤੇ ਸਮਰਥਨ ਦਿੱਤਾ | ਉਨ੍ਹਾਂ ਕਿਹਾ ਕਿ ਆਪ ਦੇ 8 ਮੈਂਬਰ ਬਲਾਕ ਸੰਮਤੀ ਚੋਣ ਜਿੱਤੇ ਸਨ ਜੋ ਬਲਾਕ ਅਟਾਰੀ ਨਹੀਂ ਪਹੁੰਚੇ, ਜਿਸ ਤੋਂ ਬਾਅਦ ਬਲਾਕ ਸੰਮਤੀ ਦੇ ਚੇਅਰਮੈਨ ਦੀ ਹੋਣ ਵਾਲੀ ਚੋਣ ਨੂੰ ਰੱਦ ਕਰ ਦਿੱਤਾ ਗਿਆ ਸੀ | ਸ: ਰਣੀਕੇ ਨੇ ਕਿਹਾ ਕਿ ਆਮ ਆਦਮੀ ਪਾਰਟੀ ਧੱਕੇ ਨਾਲ ਬਲਾਕ ਸੰਮਤੀ ਦਾ ਚੇਅਰਮੈਨ ਬਣਾਇਆ ਗਿਆ ਹੈ | ਆਮ ਆਦਮੀ ਪਾਰਟੀ ਧੱਕੇਸ਼ਾਹੀ ਕਰ ਰਹੀ ਹੈ, ਜਿਸ ਨੂੰ ਲੋਕ ਬਰਦਾਸ਼ਤ ਨਹੀਂ ਕਰਨਗੇ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਸਾਰਾ ਗੁੱਸਾ ਉਤਾਰ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣਗੇ | ਉਨ੍ਹਾਂ ਕਿਹਾ ਕਿ ਚੇਅਰਮੈਨ ਅਤੇ ਵਾਈਸ ਚੇਅਰਮੈਨ ਦੀ ਚੋਣ ਨਹੀਂ ਹੋਣ ਦਿੱਤੀ ਗਈ ਜੋ ਲੋਕਤੰਤਰ ਦਾ ਘਾਣ ਹੈ | ਸਰਕਾਰ ਵਲੋਂ ਸਖ਼ਤ ਸੁਰੱਖਿਆ ਪ੍ਰਬੰਧ ਕਰਵਾ ਦਿੱਤੇ ਗਏ ਹਨ ਅਤੇ ਰਾਹਗੀਰਾਂ ਨੂੰ ਵੀ ਉਸ ਰਸਤੇ ਨਹੀਂ ਲੰਘਣ ਦਿੱਤਾ ਜਾ ਰਿਹਾ ਜੋ ਕਈ ਕਿਲੋਮੀਟਰ ਦੀ ਦੂਰੀ ਤੋਂ ਆਪਣੀ ਮੰਜ਼ਿਲ 'ਤੇ ਪਹੁੰਚ ਰਹੇ ਹਨ |