ਮਜੀਠਾ, 5 ਅਪ੍ਰੈਲ (ਜਗਤਾਰ ਸਿੰਘ ਸਹਿਮੀ)-ਕਸਬਾ ਮਜੀਠਾ ਤੇ ਆਸ-ਪਾਸ ਦੇ ਪਿੰਡਾਂ 'ਚ ਬੀਤੇ ਦਿਨ ਹੋਈ ਬੇਵਕਤੀ ਬਾਰਿਸ਼, ਤੇਜ ਹਵਾ ਤੇ ਗੜੇਮਾਰੀ ਨਾਲ ਕਣਕ ਦੀ ਪੱਕੀ ਫ਼ਸਲ ਤੇ ਮੱਕੀ ਸਮੇਤ ਹੋਰ ਰੱਬੀ ਫ਼ਸਲਾਂ ਦਾ ਭਾਰੀ ਨੁਕਸਾਨ ਕੀਤਾ ਹੈ | ਗੜਿ੍ਹਆਂ ਨੇ ਫ਼ਸਲਾਂ ਨੂੰ ਲੱਕ ਤੋ ਤੋੜ ਕੇ ਰੱਖ ਦਿੱਤਾ ਹੈ ਤੇ ਕਣਕ ਦੇ ਬੂਟਿਆਂ ਦੇ ਦਾਣਿਆਂ ਨਾਲ ਭਰੇ ਸਿੱਟੇ ਵੀ ਬੂਟੇ ਨਾਲੋ ਤੋੜ ਦਿੱਤੇ ਹਨ ਅਤੇ ਤੇਜ਼ ਹਵਾਵਾਂ ਕਾਰਨ ਬਹੁਤੀ ਫ਼ਸਲ ਧਰਤੀ 'ਤੇ ਵਿੱਛ ਗਈ ਹੈ, ਜੋ ਖੇਤਾਂ ਵਿਚ ਬਾਰਿਸ਼ ਦੇ ਖੜੇ ਪਾਣੀ ਨਾਲ ਪੂਰੀ ਤਰ੍ਹਾਂ ਖ਼ਰਾਬ ਹੋਣ ਕਿਨਾਰੇ ਹਨ | ਇਸ ਨਾਲ ਕਿਸਾਨਾਂ ਦੀ ਮਹੀਨਿਆਂ ਦੀ ਮਿਹਨਤ ਇਕ ਰਾਤ ਵਿਚ ਬਰਬਾਦ ਹੋ ਗਈ ਹੈ | ਫ਼ਸਲ ਵਾਢੀ ਵਾਲੇ ਪੜਾਅ 'ਤੇ ਸੀ ਅਤੇ ਇਸ ਨੁਕਸਾਨ ਨਾਲ ਕਿਸਾਨਾਂ ਦੀ ਆਰਥਿਕ ਹਾਲਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਵੇਗੀ | ਪੀੜਤ ਕਿਸਾਨਾ ਤੇ ਕਿਸਾਨ ਆਗੂਆਂ ਨੇ ਸਰਕਾਰ ਤੋ ਮੁਆਵਜੇ ਦੀ ਮੰਗ ਕਰਦਿਆਂ ਕਿਹਾ ਕਿ ਜਲਦ ਖਰਾਬੀਆਂ ਫ਼ਸਲਾਂ ਦਾ ਜਾਇਜ਼ਾ ਲੈ ਕੇ ਮੁਆਵਜਾ ਦਿੱਤਾ ਜਾਵੇ | ਇਸ ਬੇਵਕਤੀ ਮੌਸਮੀ ਤਬਦੀਲੀ ਵਲੋ ਮਜੀਠਾ ਦੇ ਆਸ-ਪਾਸ ਦੇ ਇਲਾਕਿਆਂ ਵਿਚ ਕਿਸਾਨਾ ਦੀਆਂ ਫ਼ਸਲਾਂ ਨੂੰ ਨੁਕਸਾਨ ਪਹੁੰਚਾਉਣ ਤੇ ਕਿਸਾਨ ਪੂਰੀ ਤਰ੍ਹਾਂ ਚਿੰਤਤ ਹਨ | ਇਸ ਸੰਬੰਧੀ ਕਿਸਾਨ ਆਗੂ ਮਾਸਟਰ ਹਰਭਜਨ ਸਿੰਘ ਟਰਪਈ, ਸੁੱਚਾ ਸਿੰਘ ਵੇਗੇਵਾਲ, ਰਣਬੀਰ ਸਿੰਘ ਮਜੀਠਾ, ਪਲਵਿੰਦਰ ਸਿੰਘ, ਗੁਰਦੇਵ ਸਿੰਘ, ਬਲਵਿੰਦਰ ਸਿੰਘ, ਕੁਲਦੀਪ ਸਿੰਘ, ਲਵਪ੍ਰੀਤ ਸਿੰਘ, ਵਿੱਕੀ ਜੋਹਲ, ਜਗਪ੍ਰੀਤ ਸਿੰਘ ਕੋਟਲਾ, ਕਾਰਜ ਸਿੰਘ ਮਜੀਠਾ, ਮਲਕੀਤ ਸਿੰਘ, ਰਛਪਾਲ ਸਿੰਘ, ਸਵਰਾਜ ਸਿੰਘ, ਸੁਲਤਾਨ ਸਿੰਘ ਨੇ ਕਿਹਾ ਕਿ ਬਾਰਿਸ਼ ਤੇ ਤੇਜ ਹਵਾ ਨਾਲ ਨੁਕਸਾਨੀ ਕਣਕ ਦੀ ਫ਼ਸਲ ਨਾਲ ਕਿਸਾਨਾ ਨੂੰ ਖਰਚੇ ਦੀ ਦੋਹਰੀ ਮਾਰ ਝੱਲਣੀ ਪਵੇਗੀ, ਕਿਉਂਕਿ ਕਣਕ ਦੇ ਦਾਣਿਆਂ ਦੀ ਗੁਣਵੱਤਾ ਵੀ ਘਟੇਗੀ | ਇਸ ਤੋਂ ਇਲਾਵਾ ਜਮੀਨ 'ਤੇ ਵਿਛੀ ਕਣਕ ਦੀ ਫ਼ਸਲ ਦੀ ਸਾਂਭ ਸੰਭਾਲ ਵੀ ਮਹਿੰਗੀ ਪਵੇਗੀ, ਜਿਸ ਨਾਲ ਪੀੜਤ ਕਿਸਾਨਾ ਤੇ ਹੋਰ ਖਰਚੇ ਦਾ ਹੋਰ ਬੋਝ ਪਵੇਗਾ | ਆਗੂਆਂ ਕਿਹਾ ਕਿ ਕਿਸਾਨਾ ਵਿਚ ਆਰਥਿਕ ਨੁਕਸਾਨ ਦੀ ਚਿੰਤਾ ਜ਼ਾਹਰ ਕੀਤੀ ਜਾ ਹੈ, ਕਿਉਂਕਿ ਕਣਕ ਉਨ੍ਹਾਂ ਦੀ ਮੁੱਖ ਫ਼ਸਲ ਹੈ ਤੇ ਇਸ ਨਾਲ ਜੁੜੀ ਆਰਥਿਕਤਾ ਸਿੱਧੇ ਤੌਰ 'ਤੇ ਪ੍ਰਭਾਵਿਤ ਹੁੰਦੀ ਹੈ |
ਬਾਰਿਸ਼ ਤੇ ਗੜੇਮਾਰੀ ਨਾਲ ਕਣਕ ਦੀ ਫ਼ਸਲ ਸਮੇਤ ਰੱਬੀ ਫ਼ਸਲਾਂ ਦਾ ਹੋਇਆ ਭਾਰੀ ਨੁਕਸਾਨ, ਮੁਆਵਜ਼ੇ ਦੀ ਮੰਗ <br/>
ਅਜੀਤ ਡੈਸਕ
06-04-2026