ਰਈਆ, 7 ਅਪ੍ਰੈਲ (ਸ਼ਰਨਬੀਰ ਸਿੰਘ ਕੰਗ)-ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ੋਨ ਖਡੂਰ ਸਾਹਿਬ ਵਲੋਂ ਐੱਲ.ਆਈ.ਸੀ. ਦਫਤਰ ਰਈਆ ਦੇ ਬਾਹਰ ਧਰਨਾ ਸ਼ੁਰੂ ਕਰ ਦਿੱਤਾ ਗਿਆ ਹੈ | ਇਸ ਮੌਕੇ ਕਿਸਾਨ ਆਗੂ ਸੁਖਚੈਨ ਸਿੰਘ ਅੱਲੋਵਾਲ ਅਤੇ ਭਗਵਾਨ ਸਿੰਘ ਸੰਘਰ ਨੇ ਦੱਸਿਆ ਕਿ ਐੱਲ.ਆਈ.ਸੀ. ਦੇ ਇਕ ਏਜੰਟ ਵਲੋਂ ਪਿੰਡ ਏਕਲਗੱਡੇ ਦੇ ਇਕ ਵਿਅਕਤੀ ਦਾ ਧੋਖੇ ਨਾਲ ਬਿਨਾਂ ਚੰਗੇ ਤਰੀਕੇ ਨਾਲ ਸਮਝਾਏ ਬੀਮਾ ਕਰ ਦਿੱਤਾ ਗਿਆ ਸੀ ਸੰਬੰਧਿਤ ਪਰਿਵਾਰ ਨੇ ਇਸ ਧੋਖੇ ਸੰਬੰਧੀ ਦਫਤਰ ਦੇ ਮੈਨੇਜਰ ਨਾਲ ਗੱਲ ਕੀਤੀ ਤਾਂ ਮੈਨੇਜਰ ਨੇ ਕੋਈ ਗੱਲ ਨਹੀਂ ਸੁਣੀ ਤਾਂ ਪਰਿਵਾਰ ਨੇ ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਆਗੂਆਂ ਨਾਲ ਸੰਪਰਕ ਕੀਤਾ | ਆਗੂਆਂ ਨੇ ਮੈਨੇਜਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਵਲੋਂ ਟਾਲ ਮਟੋਲ ਕੀਤਾ ਗਿਆ | ਮੈਨੇਜਰ 'ਤੇ ਦਬਾਅ ਪਾਉਣ 'ਤੇ ਉਨ੍ਹਾਂ ਇਕ ਮਹੀਨੇ ਦਾ ਸਮਾਂ ਮੰਗਿਆ ਸੀ ਪਰ ਮਹੀਨਾਂ ਬੀਤ ਜਾਣ 'ਤੇ ਵੀ ਉਨ੍ਹਾਂ ਨੇ ਇਸ ਮਸਲੇ ਦਾ ਕੋਈ ਹੱਲ ਨਹੀਂ ਕੀਤਾ | ਜਿਸ 'ਤੇ ਅੱਜ ਕਿਸਾਨਾਂ ਵਲੋਂ ਅਣਮਿੱਥੇ ਸਮੇਂ ਲਈ ਦਫਤਰ ਦੇ ਬਾਹਰ ਧਰਨਾ ਸ਼ੁਰੂ ਕਰ ਦਿੱਤਾ ਗਿਆ ਹੈ | ਕਿਸਾਨਾਂ ਨੇ ਕਿਹਾ ਕਿ ਜਿੰਨਾਂ ਚਿਰ ਮਸਲਾ ਹੱਲ ਨਹੀਂ ਹੁੰਦਾ, ਧਰਨਾ ਜਾਰੀ ਰਹੇਗਾ | ਕਿਸਾਨ ਆਗੂਆਂ ਨੇ ਕਿਹਾ ਕਿ ਕੰਪਨੀ ਵਲੋਂ ਬੀਮਾ ਕਰਨ ਸਮੇਂ ਜਿਹੜੇ ਫਾਰਮਾਂ ਉਪਰ ਸਾਈਨ ਕਰਵਾਏ ਜਾਂਦੇ ਹਨ ਉਹ ਅੰਗਰੇਜੀ ਵਿਚ ਹੋਣ ਕਾਰਨ ਉਸ ਵਿਚ ਲਿਖੀਆਂ ਸ਼ਰਤਾਂ ਆਮ ਬੰਦਾ ਪੜ ਕੇ ਆਸਾਨੀ ਨਾਲ ਸਮਝ ਨਹੀਂ ਸਕਦਾ ਜਿਸ ਕਾਰਨ ਲੋਕ ਧੋਖੇ ਦਾ ਸ਼ਿਕਾਰ ਹੋ ਜਾਂਦੇ ਹਨ | ਉਨ੍ਹਾਂ ਕੰਪਨੀ ਦੇ ਅਧਿਕਾਰੀਆਂ ਕੋਲੋਂ ਮੰਗ ਕੀਤੀ ਕਿ ਸੰਬੰਧਿਤ ਫਾਰਮ ਪੰਜਾਬੀ ਭਾਸਾ ਵਿਚ ਵੀ ਹੋਣੇ ਚਾਹੀਦੇ ਹਨ ਤਾਂ ਕਿ ਲੋਕ ਸ਼ਰਤਾਂ ਨੂੰ ਆਸਾਨੀ ਨਾਲ ਪੜ ਸਕਣ | ਇਸ ਸੰਬੰਧੀ ਐੱਲ. ਆਈ. ਸੀ. ਦੇ ਬ੍ਰਾਂਚ ਮੈਨੇਜਰ ਰਾਕੇਸ਼ ਜੁਲਕਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦਫਤਰ ਵਲੋਂ ਧੋਖਾ ਕੀਤੇ ਜਾਣ ਦੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦੇ ਹੋਏ ਦੱਸਿਆ ਕਿ ਸੰਬੰਧਿਤ ਵਿਅਕਤੀ ਦਾ ਬੀਮਾ ਇਕ ਏਜੰਟ ਵਲੋਂ ਜੁਲਾਈ 2021 ਵਿਚ ਕੀਤਾ ਗਿਆ ਸੀ ਪਾਰਟੀ ਵਲੋਂ ਪਹਿਲੀ ਇੱਕ ਹੀ ਕਿਸ਼ਤ ਜਮ੍ਹਾਂ ਕਰਵਾਈ ਗਈ ਸੀ ਬਾਅਦ 'ਚ ਕਿਸ਼ਤ ਨਾ ਭਰਨ ਕਾਰਨ ਬੀਮਾ ਬੰਦ ਹੋ ਗਿਆ ਸੀ | ਕੰਪਨੀ ਦੇ ਰੂਲ ਮੁਤਾਬਿਕ ਕੋਈ ਵੀ ਬੀਮਾ ਸ਼ੁਰੂ ਕਰਨ ਤੋਂ ਬਾਅਦ 2 ਸਾਲ ਚੱਲਣ 'ਤੇ ਹੀ ਬੀਮਾ ਸਰੰਡਰ ਹੋ ਸਕਦਾ ਹੈ, ਜਿਸ ਦੀਆਂ ਸ਼ਰਤਾਂ ਕੰਪਨੀ ਵਲੋਂ ਜਾਰੀ ਕੀਤੇ ਗਏ ਪਾਲਿਸੀ ਬਾਂਡ 'ਚ ਸਪੱਸਟ ਲਿਖੀਆਂ ਹਨ | ਉਨ੍ਹਾਂ ਦੱਸਿਆ ਕਿ ਕੋਈ ਵੀ ਬੀਮਾ ਸ਼ੁਰੂ ਹੋਣ ਉਪਰੰਤ 15 ਦਿਨਾਂ ਦਾ ਪੀਰੀਅਡ ਹੁੰਦਾ ਹੈ ਜਿਸ ਦੌਰਾਨ ਪੈਸੇ ਵਾਪਸ ਹੋ ਜਾਂਦੇ ਹਨ ਇਸ ਬੀਮੇ ਨੂੰ ਬੰਦ ਹੋਏ ਨੂੰ ਕਰੀਬ ਪੰਜ ਸਾਲ ਦਾ ਸਮਾਂ ਬੀਤ ਚੁੱਕਾ ਹੈ ਜਿਸ ਬਾਰੇ ਕੰਪਨੀ ਦੇ ਰੂਲਾਂ ਮੁਤਾਬਿਕ ਪੈਸੇ ਵਾਪਸ ਨਹੀਂ ਹੋ ਸਕਦੇ ਜਿਸ ਬਾਰੇ ਜਥੇਬੰਦੀਆਂ ਦੇ ਆਗੂਆਂ ਨੂੰ ਅਸੀਂ ਸਪੱਸ਼ਟ ਕਰ ਚੁੱਕੇ ਹਾਂ |