ਰਾਜਪਾਲ ਕਟਾਰੀਆ ਵਲੋਂ ਜੰਡਿਆਲਾ ਗੁਰੂ ਦੇ ਵਿਰਾਸਤੀ ਬਾਜ਼ਾਰ ਠਠਿਆਰਾਂ ਦਾ ਦੌਰਾ <br/>
ਅਜੀਤ ਡੈਸਕ
19-04-2026
ਇਸ ਮੌਕੇ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਵਲੋਂ ਠਠਿਆਰਾਂ ਬਾਜ਼ਾਰ ਜੰਡਿਆਲਾ ਗੁਰੂ ਵਿਖੇ ਕੰਮ ਕਰ ਰਹੇ ਕਾਰੀਗਰਾਂ ਨਾਲ ਗੱਲਬਾਤ ਕੀਤੀ ਅਤੇ ਉਨਾਂ ਦੀ ਕਲਾ, ਮਿਹਨਤ ਅਤੇ ਪੰਜਾਬ ਦੀ ਵਿਰਾਸਤ ਨੂੰ ਸੰਭਾਲ ਕੇ ਰੱਖਣ ਲਈ ਕੀਤੇ ਜਾ ਰਹੇ ਯਤਨਾਂ ਦੀ ਸਰਾਹਨਾ ਕੀਤੀ | ਉਨਾਂ ਕਿਹਾ ਕਿ ਅਜਿਹੀਆਂ ਰਵਾਇਤੀ ਕਲਾਵਾਂ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਉਭਾਰਨ ਦੀ ਲੋੜ ਹੈ, ਜਿਸ ਨਾਲ ਕਾਰੀਗਰਾਂ ਦੀ ਰੋਜ਼ੀ-ਰੋਟੀ ਨੂੰ ਮਜ਼ਬੂਤੀ ਮਿਲੇਗੀ ਅਤੇ ਪੰਜਾਬ ਦੀ ਸੰਸਕਿ੍ਤਿਕ ਪਛਾਣ ਹੋਰ ਮਜ਼ਬੂਤ ਹੋਵੇਗੀ | ਉਨਾਂ ਕਿਹਾ ਕਿ ਜੰਡਿਆਲਾ ਗੁਰੂ (ਅੰਮਿ੍ਤਸਰ) ਦਾ ਠਠਿਆਰਾਂ ਬਜ਼ਾਰ ਪੰਜਾਬ ਦੀ ਇੱਕ ਇਤਿਹਾਸਕ ਅਤੇ ਵਿਰਾਸਤੀ ਥਾਂ ਹੈ, ਜੋ ਆਪਣੇ ਹੱਥੀਂ ਬਣੇ ਤਾਂਬੇ ਅਤੇ ਪਿੱਤਲ ਦੇ ਬਰਤਨਾਂ ਲਈ ਪੂਰੀ ਦੁਨੀਆ ਵਿਚ ਮਸ਼ਹੂਰ ਹੈ | ਉਨਾਂ ਕਿਹਾ ਕਿ ਇਹ ਠਠਿਆਰਾ ਬਾਜ਼ਾਰ ਸੈਂਕੜੇ ਸਾਲਾਂ ਤੋਂ ਤਾਂਬੇ, ਪਿੱਤਲ ਅਤੇ ਕਾਂਸੇ ਦੇ ਰਵਾਇਤੀ ਬਰਤਨ ਬਣਾਉਣ ਦਾ ਕੇਂਦਰ ਰਿਹਾ ਹੈ ਅਤੇ ਇੱਥੋਂ ਦੇ ਕਾਰੀਗਰ ਹੱਥਾਂ ਨਾਲ ਬਰਤਨਾਂ 'ਤੇ ਨੱਕਾਸ਼ੀ ਅਤੇ ਘੜਾਈ ਦਾ ਕੰਮ ਕਰਦੇ ਹਨ, ਜੋ ਕਿ ਇਕ ਦੁਰਲੱਭ ਕਲਾ ਹੈ | ਰਾਜਪਾਲ ਪੰਜਾਬ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਇਸ ਇਤਿਹਾਸਿਕ ਠਠਿਆਰ ਮੰਡੀ ਨੂੰ ਇੱਕ 'ਵਿਰਾਸਤੀ ਬਾਜ਼ਾਰ' ਵਜੋਂ ਉਭਾਰਨ ਅਤੇ ਇਸ ਨੂੰ ਸੈਰ-ਸਪਾਟਾ ਸਥਾਨ ਵਜੋਂ ਵਿਕਸਤ ਕਰਨ ਦੇ ਯਤਨ ਕੀਤੇ ਜਾ ਰਹੇ ਹਨ | ਉਨਾਂ ਕਿਹਾ ਕਿ ਇਸ ਪ੍ਰੋਜੈਕਟ ਦਾ ਉਦੇਸ਼ ਠਠਿਆਰਾਂ (ਕਾਰੀਗਰਾਂ) ਦੀ ਕਲਾ ਨੂੰ ਸੰਭਾਲਣਾ, ਬਾਜ਼ਾਰ ਦੇ ਬੁਨਿਆਦੀ ਢਾਂਚੇ ਨੂੰ ਸੁਧਾਰਨਾ ਅਤੇ ਇਸ ਨੂੰ ਇੱਕ ਸੈਲਾਨੀ ਆਕਰਸ਼ਣ ਵਜੋਂ ਵਿਕਸਤ ਕਰਨਾ ਹੈ ਤਾਂ ਜੋ ਇੱਥੋਂ ਦੀ ਰਵਾਇਤੀ ਦਸਤਕਾਰੀ ਨੂੰ ਮੁੜ ਸੁਰਜੀਤ ਕੀਤਾ ਜਾ ਸਕੇ | ਉਨਾਂ ਲੋਕਾਂ ਨੂੰ ਤਾਂਬੇ ਅਤੇ ਕਹਿਾ ਦੇ ਬਰਤਨ ਵਰਤਣ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਇਨਾਂ ਦੀ ਵਰਤੋਂ ਨਾਲ ਭਿਆਨਕ ਬਿਮਾਰੀਆਂ ਤੋਂ ਬਚਾਅ ਹੋ ਸਕਦਾ ਹੈ | ਇਸ ਉਪਰੰਤ ਸ੍ਰੀ ਗੁਲਾਬ ਚੰਦ ਕਟਾਰੀਆ ਇਥੋਂ ਦੇ ਊਧਮ ਸਿੰਘ ਚੌਂਕ ਨੇੜੇ ਜੈਨ ਸਥਾਨਕ ਵਿਖੇ ਪੁੱਜੇ ਜਿੱਥੇ ਉਨਾਂ ਨੇ ਕਿਹਾ ਕਿ ਜੈਨ ਸਮਾਜ ਨੇ ਉਨਾਂ ਨੂੰ ਬੁਲਾ ਕੇ ਬਹੁਤ ਮਾਣ ਸਤਿਕਾਰ ਦਿੱਤਾ ਹੈ ਅਤੇ ਉਹ ਬਹੁਤ ਖੁਸ਼ ਹਨ ਉਨਾਂ ਨੇ ਜੈਨ ਸਮਾਜ ਦੀ ਸ਼ਲਾਘਾ ਕੀਤੀ | ਇਸ ਮੌਕੇ ਜੈਨ ਸਮਾਜ ਨੇ ਉਨਾਂ ਦਾ ਸਨਮਾਨ ਕੀਤਾ | ਇਸ ਮੌਕੇ ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ, ਰੈੱਡ ਕਰਾਸ ਸੁਸਾਇਟੀ ਪੰਜਾਬ ਦੇ ਸਕੱਤਰ ਸ਼ਿਵਦੁਲਾਰ ਸਿੰਘ, ਐੱਸ. ਡੀ. ਐੱਮ-1 ਸ਼੍ਰੀਮਤੀ ਅਲਕਾ ਕਾਲੀਆ ਅਤੇ ਹੋਰ ਅਧਿਕਾਰੀ ਹਾਜ਼ਰ ਸਨ |