ਮਜੀਠਾ, 5 ਮਈ (ਜਗਤਾਰ ਸਿੰਘ ਸਹਿਮੀ)-ਪੰਜਾਬ ਸਰਕਾਰ ਵਲੋਂ ਜਨਗਣਨਾ 2026 ਲਈ ਜਾਰੀ ਆਨਲਾਈਨ ਪ੍ਰੋਫਾਰਮੇ ਵਿਚ ਅਨੁਸੂਚਿਤ ਜਾਤੀਆਂ ਲਈ ਵਰਜਿਤ ਤੇ ਅਪਮਾਨਜਨਕ ਸ਼ਬਦ ਦਰਜ ਕਰਨ ਦੀ ਘਟਨਾ ਦੇ ਵਿਰੋਧ ਵਿਚ ਸੂਬਾ ਕਮੇਟੀ ਦੀ ਕਾਲ 'ਤੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਤੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵਲੋਂ ਸੂਬੇ ਵਿਚ ਕੀਤੇ ਗਏ ਰੋਸ ਮੁਜ਼ਾਹਰਿਆਂ ਦੀ ਲੜੀ ਤਹਿਤ ਅੱਜ ਹਲਕਾ ਮਜੀਠਾ ਦੇ ਪਿੰਡ ਜੋਹਲ ਪੰਧੇਰ ਵਿਖੇ ਪੰਜਾਬ ਸਰਕਾਰ ਦਾ ਪੁਤਲਾ ਫੂਕ ਕੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ | ਜ਼ਿਲ੍ਹਾ ਪ੍ਰਧਾਨ ਸੈਮੁਆਲ ਮਸੀਹ ਤੇ ਵਿੱਕੀ ਜੌਹਲ ਦੀ ਅਗਵਾਈ ਵਿਚ ਹੋਏ ਇਸ ਮੁਜ਼ਾਹਰੇ ਵਿਚ ਯੂਨੀਅਨ ਦੇ ਆਗੂਆਂ ਤੇ ਵੱਡੀ ਗਿਣਤੀ ਵਿਚ ਪੇਂਡੂ ਮਜ਼ਦੂਰਾਂ ਨੇ ਭਾਗ ਲਿਆ | ਉਨ੍ਹਾਂ ਨੇ ਇਸ ਨੂੰ ਗ਼ੈਰ-ਜ਼ਿੰਮੇਵਾਰ ਤੇ ਗ਼ੈਰ-ਕਾਨੂੰਨੀ ਕਾਰਵਾਈ ਕਰਾਰ ਦਿੰਦਿਆਂ ਐੱਸ. ਸੀ./ਐੱਸ. ਟੀ. ਐਕਟ ਤਹਿਤ ਉਨ੍ਹਾਂ ਅਧਿਕਾਰੀਆਂ ਖ਼ਿਲਾਫ਼ ਮੁਕੱਦਮਾ ਦਰਜ ਕਰਨ ਦੀ ਮੰਗ ਕੀਤੀ ਜਿਨ੍ਹਾਂ ਨੇ ਆਨਲਾਈਨ ਫਾਰਮ ਵਿਚ ਅਜਿਹਾ ਅਪਮਾਨਜਨਕ ਸ਼ਬਦ ਸ਼ਾਮਿਲ ਕੀਤਾ | ਆਗੂਆਂ ਨੇ ਕਿਹਾ ਕਿ ਇਸ ਨਾਲ ਐੱਸ. ਸੀ. ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਤੇ ਇਹ ਸੰਵਿਧਾਨ ਵਿਰੋਧੀ ਹੈ | ਮੁਜ਼ਾਹਰੇ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਕਿ ਉਹ ਜਨਤਕ ਤੌਰ 'ਤੇ ਦਲਿਤ ਭਾਈਚਾਰੇ ਤੋਂ ਮਾਫੀ ਮੰਗਣ | ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਵਲੋਂ ਤੁਰੰਤ ਕਾਰਵਾਈ ਨਾ ਕੀਤੀ ਗਈ ਤਾਂ ਵੱਡੇ ਰੂਪ ਵਿਚ ਰੋਸ ਪ੍ਰਦਰਸ਼ਨ ਕੀਤੇ ਜਾਣਗੇ | ਇਸ ਮੌਕੇ ਸੈਮੂਵਾਲ ਮਸੀਹ ਚਮਿਆਰੀ ਜ਼ਿਲ੍ਹਾ ਪ੍ਰਧਾਨ, ਵਿੱਕੀ ਜੌਹਲ, ਪ੍ਰਗਟ ਮਸੀਹ ਵਡਾਲਾ, ਤੋਤੀ ਨਿਜ਼ਾਮਪੁਰਾ, ਯਾਕੂਬ ਮਸੀਹ ਦਿਆਲ ਭਟੀ, ਸੱਤਾ ਮਸੀਹ ਦਿਆਲ ਭੱਟੀ, ਸੁੱਖਾ ਸਿੰਘ ਗੱਗੋਮਾਲ, ਕਸ਼ਮੀਰ ਸਿੰਘ ਗੱਗੋਮਾਲ ਤੇ ਹੋਰ ਮਜ਼ਦੂਰ ਹਾਜ਼ਰ ਸਨ |