ਜੰਡਿਆਲਾ ਗੁਰੂ, 20 ਮਈ (ਨਿੱਜੀ ਪੱਤਰ ਪ੍ਰੇਰਕ)-ਬੀਤੀ ਦੇਰ ਰਾਤ ਐੱਨ. ਸੀ. ਬੀ. (ਨਾਰਕੋਟਿਕ ਕੰਟਰੋਲ ਬਿਊਰੋ) ਵਲੋਂ ਜੰਡਿਆਲਾ ਗੁਰੂ ਦੇ ਇਕ ਵਿਅਕਤੀ ਦੇ ਘਰ ਛਾਪੇਮਾਰੀ ਕੀਤੀ ਗਈ ਅਤੇ ਉਥੋਂ ਉਨ੍ਹਾਂ ਨੂੰ ਕੁਝ ਕਾਗਜ ਪੱਤਰ ਅਤੇ ਮੋਬਾਈਲ ਡਾਟਾ ਮਿਲਿਆ ਜਿਸ ਦੀ ਜਾਂਚ ਕੀਤੀ ਜਾ ਰਹੀ ਹੈ | ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਜੰਡਿਆਲਾ ਗੁਰੂ ਦੇ ਜਿਸ ਵਿਅਕਤੀ ਦੇ ਘਰ ਐੱਨ. ਸੀ. ਬੀ. ਵਲੋਂ ਰੇਡ ਕੀਤੀ ਗਈ ਉਸ ਤੇ ਤਸਕਰਾਂ ਅਤੇ ਗੈਂਗਸਟਰਾਂ ਨਾਲ ਸੰਬੰਧਾਂ ਦਾ ਸ਼ੱਕ ਹੈ ਅਤੇ ਉਨ੍ਹਾਂ ਨਾਲ ਮਿਲੀ ਭੁਗਤ ਹੋਣ ਕਰਕੇ ਲੋਕਾਂ ਨੂੰ ਵਿਦੇਸ਼ੀ ਨੰਬਰਾਂ ਤੋਂ ਫ਼ੋਨ ਕਾਲਾਂ ਆ ਰਹੀਆਂ ਹਨ | ਸੂਚਨਾ ਅਨੁਸਾਰ ਇਸ ਵਿਅਕਤੀ ਦੇ ਨਾਲ-ਨਾਲ ਹੋਰ ਵੀ ਵਿਅਕਤੀਆਂ ਦੀ ਚੈਕਿੰਗ ਕੀਤੀ ਜਾਵੇਗੀ ਤੇ ਜਿਹੜੇ ਵੀ ਦੋਸ਼ੀ ਪਾਏ ਗਏ ਉਨ੍ਹਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ | ਜਾਣਕਾਰੀ ਅਨੁਸਾਰ ਇਕ ਹਫ਼ਤਾ ਦੇ ਲਗਪਗ ਇਸ ਦੀ ਜਾਂਚ ਪੜਤਾਲ ਚੱਲੇਗੀ | ਐੱਨ. ਸੀ. ਬੀ. ਵਲੋਂ ਜੰਡਿਆਲਾ ਗੁਰੂ 'ਚ ਜਿਸ ਤਰ੍ਹਾਂ ਨੈਟਵਰਕ ਚੱਲ ਰਿਹਾ ਹੈ ਇਸ ਨਾਲ ਸੰਬੰਧਿਤ ਸ਼ੱਕੀ ਵਿਅਕਤੀਆਂ ਦੇ ਫੋਨ ਕਾਲਾਂ ਤੇ ਡਿਟੇਲਾਂ ਨੂੰ ਵੀ ਖੰਗਾਲਿਆ ਜਾ ਰਿਹਾ ਹੈ, ਇਸ ਸੰਬੰਧੀ ਜਲਦੀ ਹੀ ਅਹਿਮ ਖ਼ੁਲਾਸੇ ਹੋਣ ਦੀ ਵੀ ਸੰਭਾਵਨਾ ਹੈ | ਇਥੇ ਇਹ ਵੀ ਦੱਸਣਯੋਗ ਹੈ ਕਿ ਨਗਰ ਕੌਂਸਲ ਜੰਡਿਆਲਾ ਗੁਰੂ ਦੀਆਂ 26 ਮਈ ਨੂੰ ਹੋ ਰਹੀਆਂ 15 ਵਾਰਡਾਂ ਦੀਆਂ ਚੋਣਾਂ ਲਈ ਕਈ ਉਮੀਦਵਾਰਾਂ ਨੂੰ ਚੋਣਾਂ ਨਾਂ ਲੜਨ ਲਈ ਅਤੇ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈਣ ਲਈ ਧਮਕੀ ਭਰੇ ਫ਼ੋਨ ਆ ਚੁੱਕੇ ਹਨ, ਜਿਸ ਕਾਰਨ ਚੋਣ ਲੜ ਰਹੇ ਉਮੀਦਵਾਰਾਂ ਦੇ ਸਾਹ ਸੂਤੇ ਪਏ ਹਨ ਅਤੇ ਕੁਝ ਉਮੀਦਵਾਰ ਤਾਂ ਚੋਣ ਮੈਦਾਨ ਛੱਡ ਕੇ ਘਰਾਂ ਵਿਚ ਬੈਠ ਗਏ ਹਨ |