ਅਜਨਾਲਾ, 21 ਮਈ (ਗੁਰਪ੍ਰੀਤ ਸਿੰਘ ਢਿੱਲੋਂ)-ਨੌਵੇਂ ਪਾਤਿਸਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਜੀ.ਆਰ.ਡੀ. ਸੀਨੀਅਰ ਸੈਕੰਡਰੀ ਸਕੂਲ ਅਜਨਾਲਾ ਵਿਖੇ ਨੈਤਿਕ ਸਿੱਖਿਆ ਪ੍ਰੋਗਰਾਮ ਤਹਿਤ ਸਹਿਜ ਪਾਠ ਸੁਸਾਇਟੀ ਵਲੋਂ ਵਿਸ਼ੇਸ਼ ਉਪਰਾਲਾ ਕੀਤਾ ਗਿਆ, ਜਿਸ ਵਿਚ ਬੱਚਿਆਂ ਕੋਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਨੂੰ ਸੁੰਦਰ ਲਿਖਾਈ ਰਾਹੀਂ ਕਾਪੀਆਂ ਉੱਤੇ ਲਿਖਵਾਇਆ ਗਿਆ | ਸਕੂਲ ਵਿਦਿਆਰਥੀਆਂ ਨੇ ਬਹੁਤ ਹੀ ਸੁੰਦਰ ਤਰੀਕੇ ਨਾਲ ਗੁਰੂ ਸਾਹਿਬ ਦੀ ਬਾਣੀ ਨੂੰ ਡੂੰਘਾਈ ਨਾਲ ਸਮਝਦਿਆਂ ਲਿਖਿਆ ਅਤੇ ਇਸ ਕਾਰਜ ਵਿਚ ਵੱਡੀ ਉਤਸੁਕਤਾ ਅਤੇ ਲਗਨ ਦਿਖਾਈ | ਇਸ ਤੋਂ ਇਲਾਵਾ ਅੱਠਵੀਂ ਤੋਂ ਬਾਰ੍ਹਵੀਂ ਜਮਾਤ ਤੱਕ ਦੀਆਂ ਵਿਦਿਆਰਥਣਾਂ ਵਲੋਂ ਸਹਿਜ ਪਾਠ ਕੀਤਾ ਜਾਂਦਾ ਹੈ ਅਤੇ ਸਹਿਜ ਪਾਠ ਪੂਰਾ ਕਰਨ ਤੋਂ ਬਾਅਦ ਉਹ ਗੁਰਬਾਣੀ ਤੋਂ ਮਿਲੀ ਸਿੱਖਿਆ ਅਤੇ ਆਪਣੇ ਵਿਚਾਰ ਸਾਂਝੇ ਕਰਦੀਆਂ ਹਨ | ਇਸ ਮੌਕੇ ਕਰਵਾਏ ਇਨਾਮ ਵੰਡ ਸਮਾਰੋਹ ਦੌਰਾਨ ਪਿ੍ੰਸੀਪਲ ਗੁਰਦਰਸ਼ਨ ਬਜਾਜ, ਐੱਮ.ਡੀ. ਸ੍ਰੀਮਤੀ ਸੰਤੋਸ਼ ਬਜਾਜ ਅਤੇ ਧਰਮ ਪ੍ਰਚਾਰ ਕਮੇਟੀ ਦੇ ਪ੍ਰਚਾਰਕ ਭਾਈ ਬਲਕਾਰ ਸਿੰਘ ਅਜਨਾਲਾ ਵਲੋਂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਗੁਰਬਾਣੀ ਨਾਲ ਜੁੜਨ ਲਈ ਉਨ੍ਹਾਂ ਦੀ ਹੌਸਲਾ ਅਫਜਾਈ ਕੀਤੀ ਗਈ |