ਅਜਨਾਲਾ, 21 ਮਈ (ਗੁਰਪ੍ਰੀਤ ਸਿੰਘ ਢਿੱਲੋਂ)-ਅਜਨਾਲਾ ਦੇ ਬਿਜਲੀ ਘਰ ਵਿਚ ਅੱਜ ਉਸ ਸਮੇਂ ਹੜਕੰਪ ਮੱਚ ਗਿਆ ਜਦੋਂ ਅਚਾਨਕ ਹਾਈ ਵੋਲਟੇਜ਼ ਕੇਬਲਾਂ ਨੂੰ ਅੱਗ ਲੱਗ ਗਈ, ਜਿਸ ਕਾਰਨ ਹਾਈ ਵੋਲਟੇਜ ਕੇਬਲ ਤਾਰਾਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ, ਜਿਸ ਕਾਰਨ ਦਰਜਨਾਂ ਪਿੰਡਾਂ ਦੀ ਬਿਜਲੀ ਸਪਲਾਈ ਕਈ ਘੰਟੇ ਪ੍ਰਭਾਵਿਤ ਰਹੀ | ਨਗਰ ਪੰਚਾਇਤ ਦਫ਼ਤਰ ਅਜਨਾਲਾ ਤੋਂ ਪਹੁੰਚੀ ਫਾਇਰ ਬਿ੍ਗੇਡ ਦੀ ਗੱਡੀ ਤੇ ਤਾਇਨਾਤ ਕਰਮਚਾਰੀਆਂ ਵਲੋਂ ਮੁਸ਼ਕਿਲ ਨਾਲ ਅੱਗ 'ਤੇ ਕਾਬੂ ਪਾਇਆ ਗਿਆ | ਮਿਲੀ ਜਾਣਕਾਰੀ ਅਨੁਸਾਰ ਅੱਗ ਇੰਨੀ ਭਿਆਨਕ ਸੀ ਕਿ ਪਲਾਂ ਵਿਚ ਹੀ ਹਾਈ ਵੋਲਟੇਜ ਕੇਬਲ ਤਾਰਾਂ ਸੜ ਕੇ ਸੁਆਹ ਹੋ ਗਈਆਂ | ਅੱਗ ਲੱਗਣ ਦੀ ਸੂਚਨਾ ਮਿਲਦਿਆਂ ਹੀ ਬਿਜਲੀ ਵਿਭਾਗ ਅਤੇ ਫਾਇਰ ਬਿ੍ਗੇਡ ਦੀਆਂ ਟੀਮਾਂ ਮੌਕੇ 'ਤੇ ਪਹੁੰਚ ਗਈਆਂ ਅਤੇ ਕਾਫੀ ਮਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ | ਪਾਵਰਕਾਮ ਦੇ ਐੱਸ. ਡੀ. ਓ. ਇੰਜ. ਕੁਲਵਿੰਦਰ ਸਿੰਘ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅੱਜ ਚੱਲ ਰਹੀ ਤੇਜ਼ ਹਵਾ ਕਾਰਨ ਇਕ ਲਾਈਨ ਦਾ ਜੈਂਪਰ ਝੜ ਗਿਆ ਸੀ, ਜਿਸ ਕਰਕੇ ਹੋਏ ਸਪਾਰਕ ਕਾਰਨ ਬਿਜਲੀ ਘਰ ਦੀ ਦੀਵਾਰ ਦੇ ਨਾਲ ਅੱਗ ਲੱਗ ਗਈ ਅਤੇ ਅੱਗ ਲੱਗਣ ਕਾਰਨ ਸਬ-ਸਟੇਸ਼ਨ ਤੋਂ ਵੱਖ-ਵੱਖ ਪਿੰਡਾਂ ਨੂੰ ਬਿਜਲੀ ਸਪਲਾਈ ਦੇਣ ਵਾਲੀਆਂ ਹਾਈ ਵੋਲਟ ਕੇਬਲ ਤਾਰਾਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਹਨ | ਉਨ੍ਹਾਂ ਦੱਸਿਆ ਜੇਕਰ ਸਮੇਂ ਸਿਰ ਅੱਗ 'ਤੇ ਕਾਬੂ ਨਾ ਪਾਇਆ ਜਾਂਦਾ ਤਾਂ 66 ਕੇ.ਵੀ. ਸਬ ਸਟੇਸ਼ਨ ਅਜਨਾਲਾ ਦੇ ਅੰਦਰ ਅੱਗ ਲੱਗ ਸਕਦੀ ਸੀ, ਜਿਸ ਕਾਰਨ ਕਰੋੜਾਂ ਰੁਪਏ ਦਾ ਨੁਕਸਾਨ ਹੋ ਸਕਦਾ ਸੀ | ਉੱਧਰ ਬਿਜਲੀ ਸਪਲਾਈ ਠੱਪ ਹੋਣ ਕਾਰਨ ਅਜਨਾਲਾ ਇਲਾਕੇ ਦੇ ਦਰਜਨਾਂ ਪਿੰਡਾਂ ਦੇ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ, ਪਰ ਐੱਸ.ਡੀ.ਓ. ਇੰਜ. ਕੁਲਵਿੰਦਰ ਸਿੰਘ ਦੀ ਅਗਵਾਈ ਵਿਚ ਪਾਵਰਕਾਮ ਕਰਮਚਾਰੀਆਂ ਵਲੋਂ ਅੱਤ ਦੀ ਗਰਮੀ ਦੇ ਵਿਚ ਕੁਝ ਕੁ ਘੰਟਿਆਂ ਦੇ ਵਿਚ ਸਾਰੀ ਬਿਜਲੀ ਸਪਲਾਈ ਬਹਾਲ ਕਰ ਦਿੱਤੀ ਜਿਸ ਤੋਂ ਬਾਅਦ ਲੋਕਾਂ ਨੇ ਸੁਖ ਦਾ ਸਾਹ ਲਿਆ | ਇਸ ਮੌਕੇ ਪਰਦੀਪ ਸਿੰਘ ਭੁੱਲਰ, ਹਰਜਿੰਦਰ ਸਿੰਘ ਨਿੱਕੋਸਰਾਂ, ਜੇ. ਈ. ਬਿਕਰਮਜੀਤ ਸਿੰਘ ਦਿਆਲਪੁਰਾ, ਸਰਪੰਚ ਬਲਦੇਵ ਸਿੰਘ ਸਾਰੰਗਦੇਵ, ਸਰਪੰਚ ਇਕਬਾਲ ਸਿੰਘ ਰਿਆੜ ਅਤੇ ਕਰਮਜੀਤ ਸਿੰਘ ਗੋਲਡੀ ਰਿਆੜ ਆਦਿ ਵੀ ਮੌਜੂਦ ਸਨ |