ਮਜੀਠਾ, 23 ਮਈ (ਜਗਤਾਰ ਸਿੰਘ ਸਹਿਮੀ)ਕ੍ਰਿਸ਼ੀ ਵਿਗਿਆਨ ਕੇਂਦਰ ਨਾਗਕਲਾਂ ਅੰਮਿ੍ਤਸਰ ਵਲੋਂ ਖ਼ਾਦਾਂ ਦੀ ਸੰਤੁਲਿਤ ਅਤੇ ਸੁਚੱਜੀ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਪਿੰਡ ਡੱਡੀਆਂ ਵਿਖੇ ਡਾ. ਬਿਕਰਮਜੀਤ ਸਿੰਘ, ਐਸੋਸੀਏਟ ਡਾਇਰੈਕਟਰ (ਟ੍ਰੇਨਿੰਗ) ਦੀ ਅਗਵਾਈ ਵਿਚ ਇੱਕ ਵਿਸ਼ੇਸ਼ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ | ਕੈਂਪ ਦਾ ਮੁੱਖ ਉਦੇਸ਼ ਕਿਸਾਨਾਂ ਵਿਚ ਮਿੱਟੀ ਦੀ ਸਿਹਤ ਸੁਧਾਰਨ ਅਤੇ ਸਰਵਪੱਖੀ ਖੁਰਾਕੀ ਤੱਤ ਪ੍ਰਬੰਧਨ ਬਾਰੇ ਜਾਗਰੂਕਤਾ ਪੈਦਾ ਕਰਨਾ ਸੀ | ਇਸ ਮੌਕੇ ਡਾ. ਰਮਿੰਦਰ ਕੌਰ, ਪ੍ਰੋਫੈਸਰ ਫਸਲ ਵਿਗਿਆਨ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਖਾਦਾਂ ਦੀ ਅਸੰਤੁਲਿਤ ਵਰਤੋਂ ਨਾਲ ਹੋਣ ਵਾਲੇ ਨੁਕਸਾਨਾਂ ਬਾਰੇ ਵਿਸਥਾਰ ਨਾਲ ਦੱਸਿਆ | ਉਨ੍ਹਾਂ ਕਿਹਾ ਕਿ ਰਸਾਇਣਕ ਖਾਦਾਂ ਦੀ ਬੇਵਜਾ ਵਰਤੋਂ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਘਟਦੀ ਹੈ, ਭੂਮੀ ਪਾਣੀ ਪ੍ਰਦੂਸ਼ਿਤ ਹੁੰਦਾ ਹੈ ਅਤੇ ਵਾਤਾਵਰਣ ਉੱਤੇ ਵੀ ਬੁਰਾ ਪ੍ਰਭਾਵ ਪੈਂਦਾ ਹੈ | ਉਨ੍ਹਾਂ ਜ਼ੋਰ ਦਿੱਤਾ ਕਿ ਮਿੱਟੀ ਪਰਖ ਅਧਾਰਿਤ ਖਾਦ ਵਰਤੋਂ ਬਹੁਤ ਜ਼ਰੂਰੀ ਹੈ ਅਤੇ ਕਿਸਾਨਾਂ ਨੂੰ ਮਾਹਿਰਾਂ ਵਲੋਂ ਸਿਫਾਰਸ਼ ਕੀਤੀਆਂ ਖਾਦਾਂ ਹੀ ਵਰਤਣੀਆਂ ਚਾਹੀਦੀਆਂ ਹਨ | ਡਾ. ਬਿਕਰਮਜੀਤ ਸਿੰਘ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਸੰਤੁਲਿਤ ਖਾਦਾਂ ਦੀ ਵਰਤੋਂ ਨਾਲ ਮਿੱਟੀ ਦੀ ਲੰਬੇ ਸਮੇਂ ਤੱਕ ਸਿਹਤ ਬਣਾਈ ਰੱਖੀ ਜਾ ਸਕਦੀ ਹੈ ਅਤੇ ਖੇਤੀ ਖਰਚਿਆਂ ਵਿਚ ਵੀ ਕਾਫੀ ਕਮੀ ਲਿਆਂਦੀ ਜਾ ਸਕਦੀ ਹੈ | ਉਨ੍ਹਾਂ ਕਿਹਾ ਕਿ ਐੱਨ.ਪੀ.ਕੇ. ਖਾਦਾਂ ਦੀ ਅੰਨ੍ਹੀ ਵਰਤੋਂ ਛੱਡ ਕੇ ਜੈਵਿਕ ਖਾਦਾਂ ਅਤੇ ਸੰਤੁਲਿਤ ਰਸਾਇਣਕ ਖਾਦਾਂ ਦਾ ਸਹੀ ਤਰੀਕੇ ਨਾਲ ਇਸਤੇਮਾਲ ਕੀਤਾ ਜਾਵੇ ਤਾਂ ਝਾੜ ਵਧਣ ਤੋਂ ਇਲਾਵਾ ਮਿੱਟੀ ਵਿਚਲੇ ਸੂਖਮ ਤੱਤ ਵੀ ਬਚਾਏ ਜਾ ਸਕਦੇ ਹਨ | ਇਸ ਜਾਗਰੂਕਤਾ ਕੈਂਪ ਵਿਚ ਇਲਾਕੇ ਦੇ ਅਗਾਂਹ ਵਧੂ ਕਿਸਾਨ ਬੂਟਾ ਸਿੰਘ, ਹਰਪਾਲ ਸਿੰਘ, ਗੁਰਪਾਲ ਸਿੰਘ, ਅਮਰਜੀਤ ਸਿੰਘ, ਤਰਸੇਮ ਸਿੰਘ ਅਤੇ ਪ੍ਰੇਮ ਸਿੰਘ ਸਮੇਤ ਵੱਡੀ ਗਿਣਤੀ ਵਿਚ ਕਿਸਾਨਾਂ ਨੇ ਹਿੱਸਾ ਲਿਆ |