ਮਜੀਠਾ, 13 ਜੂਨ (ਮਨਿੰਦਰ ਸਿੰਘ ਸੋਖੀ)-ਨਗਰ ਕੌਂਸਲ ਦੀਆਂ 26 ਮਈ ਨੂੰ ਹੋਈਆਂ ਚੋਣਾਂ ਅਗਰ ਬੈਲਟ ਪੇਪਰ ਦੀ ਜਗ੍ਹਾ ‘ਤੇ ਵੋਟਿੰਗ ਮਸ਼ੀਨਾਂ ਰਾਹੀਂ ਕਰਾਈਆਂ ਹੁੰਦੀਆਂ ਤਾਂ ਨਤੀਜੇ ਸੱਤਾ ਪਾਰਟੀ ਦੇ ਖ਼ਿਲਾਫ਼ ਆਉਣੇ ਸਨ। ਇਹ ਪ੍ਰਗਟਾਵਾ ਵਿਧਾਨ ਸਭਾ ਹਲਕਾ ਮਜੀਠਾ ਦੇ ਸੀਨੀਅਰ ਆਗੂ ਜਗਵਿੰਦਰਪਾਲ ਸਿੰਘ ਜੱਗਾ ਮਜੀਠੀਆ ਨੇ ਅੱਜ ਨਗਰ ਕੌਂਸਲ ਕਾਦੀਆਂ, ਦੀਨਾਨਗਰ, ਸ਼ਾਮਚੁਰਾਸੀ ਅਤੇ ਗੁਰਦਾਸਪੁਰ ਦੀਆਂ ਵੋਟਿੰਗ ਮਸ਼ੀਨਾਂ ਰਾਹੀਂ ਹੋਈਆਂ ਚੋਣਾ ਦੇ ਨਤੀਜੇ ਆਉਣ ਤੋਂ ਬਾਅਦ ਗੱਲਬਾਤ ਕਰਦਿਆਂ ਕੀਤਾ। ਜੱਗਾ ਮਜੀਠੀਆ ਨੇ ਕਿਹਾ 26 ਮਈ ਨੂੰ ਹੋਈਆਂ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਨੇ ਸ਼ਰੇਆਮ ਧਾਂਦਲੀਆਂ ਕਰਕੇ ਬਹੁਤੀਆਂ ਨਗਰ ਕੌਂਸਲਾਂ ਤੇ ਧੱਕੇ ਨਾਲ ਆਪਣੇ ਉਮੀਦਵਾਰ ਜੇਤੂ ਕਰਾਰ ਦਿਵਾਏ ਹਨ ਜਦ ਕਿ ਪੰਜਾਬ ਭਰ ਵਿਚ ਆਮ ਆਦਮੀ ਪਾਰਟੀ ਦਾ ਹੁਣ ਕੋਈ ਆਧਾਰ ਨਹੀਂ ਰਹਿ ਗਿਆ। ਲੋਕ ਆਮ ਆਦਮੀ ਪਾਰਟੀ ਦੀਆਂ ਲੋਕ ਵਿਰੋਧੀ ਨੀਤੀਆਂ ਤੋਂ ਭਲੀ ਭਾਂਤ ਜਾਣੂੰ ਹੋ ਚੁੱਕੇ ਹਨ। ਜੱਗਾ ਮਜੀਠਾ ਨੇ ਕਿਹਾ ਅੱਜ ਕਾਦੀਆਂ, ਦੀਨਾਨਗਰ, ਸ਼ਾਮਚੁਰਾਸੀ ਅਤੇ ਗੁਰਦਾਸਪੁਰ ਵਿਖੇ ਵੋਟਿੰਗ ਮਸ਼ੀਨਾਂ ਰਾਹੀਂ ਹੋਈਆਂ ਚੋਣਾ ਵਿਚ ਆਮ ਆਦਮੀ ਪਾਰਟੀ ਨੂੰ ਹਾਰ ਦਾ ਮੂੰਹ ਵੇਖਣਾ ਪਿਆ ਹੈ ਕਿਉਂਕਿ ਵੋਟਿੰਗ ਮਸ਼ੀਨਾਂ ਵਿਚ ਆਪ ਦੀ ਹੇਰਾਫੇਰੀ ਨਹੀਂ ਹੋਈ। ਜੱਗਾ ਮਜੀਠੀਆ ਨੇ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਵਿਚ ਆਪਣਾ ਆਧਾਰ ਗੁਆ ਚੁੱਕੀ ਹੈ।