ਮੱਤੇਵਾਲ, 26 ਜੂਨ (ਗੁਰਪ੍ਰੀਤ ਸਿੰਘ ਮੱਤੇਵਾਲ)-ਵਿਧਾਨ ਸਭਾ ਹਲਕਾ ਮਜੀਠਾ ਤੇ ਪਿੰਡ ਮੱਤੇਵਾਲ ਵਿਚ ਨਵੇਂ ਬਣੇ ਬਲਾਕ ਸੰਮਤੀ ਦਫ਼ਤਰ ਦਾ ਉਦਘਾਟਨ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਤਲਬੀਰ ਸਿੰਘ ਗਿੱਲ ਵਲੋਂ ਕੀਤਾ ਗਿਆ। ਇਸ ਮੌਕੇ ਉਨ੍ਹਾਂ ਵਲੋਂ ਨਵ ਨਿਯੁਕਤ ਚੇਅਰਪਰਸਨ ਬੀਬੀ ਨਰਿੰਦਰ ਕੌਰ ਭੋਏਵਾਲ ਤੇ ਉਪ ਚੇਅਰਮੈਨ ਸਿਕੰਦਰ ਸਿੰਘ ਖਿੱਦੋਵਾਲੀ ਦੀ ਤਾਜਪੋਸ਼ੀ ਕਰਦਿਆਂ ਉਨ੍ਹਾਂ ਨੂੰ ਕੁਰਸੀ ‘ਤੇ ਵੀ ਬਿਠਾਇਆ। ਇਸ ਤੋਂ ਪਹਿਲਾਂ ਬਲਾਕ ਕੰਪਲੈਕਸ ਵਿਚ ਹੋਏ ਭਰਵੇਂ ਇਕੱਠ ਨੂੰ ਸੰਬੋਧਨ ਕਰਦੇ ਹੋਏ ਤਲਬੀਰ ਸਿੰਘ ਗਿੱਲ ਵਲੋਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਹੁਕਮਾਂ ਅਨੁਸਾਰ ਇਲਾਕਾ ਨਿਵਾਸੀਆਂ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਮੱਤੇਵਾਲ ਵਿਚ ਨਵੇਂ ਬਲਾਕ ਦਫਤਰ ਦਾ ਨਿਰਮਾਣ ਕਰਵਾਇਆ ਗਿਆ, ਜਿਸ ਨਾਲ ਆਸ ਪਾਸ ਤੇ ਪਿੰਡਾਂ ਨੂੰ ਬਹੁਤ ਵੱਡੀ ਸਹੂਲਤ ਹੋਵੇਗੀ। ਉਨ੍ਹਾਂ ਕਿਹਾ ਕਿ ਆਪ ਸਰਕਾਰ ਵਲੋਂ ਹਲਕਾ ਮਜੀਠਾ ਦੇ ਵਿਕਾਸ ਲਈ ਕਰੋੜਾਂ ਰੁਪਏ ਦੇ ਨਵੇਂ ਵਿਕਾਸ ਪ੍ਰੋਜੈਕਟ ਸ਼ੁਰੂ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਹਲਕਾ ਮਜੀਠਾ ਪੰਜਾਬ ਦਾ ਵਿਕਾਸ ਪੱਖੋਂ ਸਭ ਤੋਂ ਮੋਹਰੀ ਹਲਕਾ ਹੋਵੇਗਾ। ਇਸ ਦੌਰਾਨ ਤਲਬੀਰ ਸਿੰਘ ਗਿੱਲ ਵਲੋਂ ਮੱਤੇਵਾਲ ਸਮੇਤ ਵੱਖ-ਵੱਖ ਗ੍ਰਾਮ ਪੰਚਾਇਤਾਂ ਨੂੰ ਇਕ ਕਰੋੜ 18 ਲੱਖ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਲਈ ਗ੍ਰਾਂਟਾਂ ਦੇ ਚੈੱਕ ਵੀ ਤਕਸੀਮ ਕੀਤੇ। ਇਸ ਦੌਰਾਨ ਤਲਬੀਰ ਸਿੰਘ ਗਿੱਲ ਵਲੋਂ ਨਵੇਂ ਬਣੇ ਚੇਅਰਪਰਸਨ ਬੀਬੀ ਨਰਿੰਦਰ ਕੌਰ ਭੋਏਵਾਲ ਅਤੇ ਉਪ ਚੇਅਰਮੈਨ ਸਿਕੰਦਰ ਸਿੰਘ ਖਿੱਦੋਵਾਲੀ ਨੂੰ ਉਨ੍ਹਾਂ ਦੇ ਅਹੁਦੇ ‘ਤੇ ਬਿਠਾਇਆ ਅਤੇ ਦੋਹਾਂ ਨੂੰ ਸਨਮਾਨਿਤ ਵੀ ਕੀਤਾ। ਬੀਬੀ ਨਰਿੰਦਰ ਕੌਰ ਅਤੇ ਉਪ ਚੇਅਰਮੈਨ ਸਿਕੰਦਰ ਸਿੰਘ ਖਿੱਦੋਵਾਲੀ ਵਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਹਲਕਾ ਇੰਚਾਰਜ ਤਲਬੀਰ ਸਿੰਘ ਗਿੱਲ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਸ਼ਿਵਰਾਜ ਸਿੰਘ ਭੀਲੋਵਾਲ, ਮਲਕੀਤ ਸਿੰਘ ਬੀ. ਡੀ. ਓ., ਅਮਨਦੀਪ ਸਿੰਘ ਮੰਨਣ ਬੀਡੀਪੀਓ ਮੱਤੇਵਾਲ, ਸਿਕੰਦਰ ਸਿੰਘ ਭੋਏਵਾਲ, ਬਲਬੀਰ ਸਿੰਘ ਬੋਪਾਰਾਏ, ਬਚਿੱਤਰ ਸਿੰਘ ਮੱਤੇਵਾਲ, ਗੁਰਬੀਰ ਸਿੰਘ ਮੱਤੇਵਾਲ, ਤਰਸੇਮ ਸਿੰਘ ਗਾਰਡ ਮੱਤੇਵਾਲ, ਸਾਬਕਾ ਸਰਪੰਚ ਸਵਿੰਦਰ ਸਿੰਘ ਚੁਗਾਵਾਂ, ਸਰਪੰਚ ਪ੍ਰੇਮ ਸਿੰਘ ਤਰਫਾਣ, ਮਨਜੀਤ ਸਿੰਘ ਟਾਹਲੀ ਸਾਹਿਬ, ਸਰਪੰਚ ਮਨਦੀਪ ਸਿੰਘ ਤਨੇਲ, ਬਾਬਾ ਅੰਗਰੇਜ਼ ਸਿੰਘ ਖਿੱਦੋਵਾਲੀ, ਦਲਜੀਤ ਸਿੰਘ ਮੱਤੇਵਾਲ, ਬਚਿਤਰ ਸਿੰਘ ਬੱਗਾ ਆਦਿ ਆਗੂ ਮੌਜੂਦ ਸਨ।