ਬਾਬਾ ਬਕਾਲਾ ਸਾਹਿਬ, 30 ਜੂਨ (ਸ਼ੇਲਿੰਦਰਜੀਤ ਸਿੰਘ ਰਾਜਨ)-ਇਤਿਹਾਸਕ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਬਾਬਾ ਬਕਾਲਾ ਸਾਹਿਬ ਵਿਖੇ ਸ਼੍ਰੋਮਣੀ ਕਮੇਟੀ ਵਲੋਂ ਗੁਰਦੁਆਰਾ ਸਾਹਿਬ ਦੇ ਚੌਗਿਰਦੇ ਨੂੰ ਖੂਬਸੂਰਤ ਬਣਾਉਣ ਲਈ, ਸੰਤ ਬਾਬਾ ਘੋਲਾ ਸਿੰਘ ਸਰਹਾਲੀ ਵਾਲਿਆਂ ਅਤੇ ਸੰਤ ਬਾਬਾ ਗੁਰਨਾਮ ਸਿੰਘ ਯੂ. ਪੀ. ਵਾਲਿਆਂ ਦੀ ਅਗਵਾਈ ਹੇਠ ਸਾਧ ਸੰਗਤ ਦੇ ਸਹਿਯੋਗ ਨਾਲ ਅਹਿਮ ਉਪਰਾਲੇ ਜਾਰੀ ਹਨ। ਇਸ ਸੰਬੰਧੀ ਸੰਤ ਬਾਬਾ ਘੋਲਾ ਸਿੰਘ ਅਤੇ ਸੰਤ ਬਾਬਾ ਗੁਰਨਾਮ ਸਿੰਘ ਯੂ.ਪੀ. ਵਾਲਿਆਂ ਨੇ ਦੱਸਿਆ ਕਿ ਯਾਤਰੂਆਂ ਦੀ ਸਹੂਲਤ ਲਈ ਆਧੁਨਿਕ ਸਹੂਲਤਾਂ ਵਾਲੀ ਤਿੰਨ ਮੰਜ਼ਿਲੀ ਕਾਰ ਪਾਰਕਿੰਗ ਦੀ ਸੇਵਾ ਜਾਰੀ ਹੈ, ਜਦਕਿ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕੀ ਬਲਾਕ ਦੀ ਦੂਸਰੀ ਮੰਜ਼ਿਲ ਦੀ ਸੇਵਾ ਵੀ ਚੱਲ ਰਹੀ ਹੈ ਅਤੇ ਬਹੁਤ ਜਲਦ ਹੀ ਇਸਦੀ ਬਾਕੀ ਰਹਿੰਦੀ ਉਸਾਰੀ ਵੀ ਸੰਪੂਰਨ ਕਰ ਲਈ ਜਾਵੇਗੀ। ਉਨ੍ਹਾਂ ਦੱਸਿਆ ਕਿ ਬੀਤੇ ਸਮੇਂ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵਲੋਂ ਇਨ੍ਹਾਂ ਪਵਿੱਤਰ ਕਾਰਜਾਂ ਲਈ ਕਾਰ ਸੇਵਾ ਸੰਤ ਬਾਬਾ ਘੋਲਾ ਸਿੰਘ ਸਰਹਾਲੀ ਵਾਲਿਆਂ ਅਤੇ ਸੰਤ ਬਾਬਾ ਗੁਰਨਾਮ ਸਿੰਘ ਯੂ. ਪੀ. ਵਾਲਿਆਂ ਨੂੰ ਸੌਂਪੀ ਗਈ ਸੀ, ਅਤੇ ਇਸ ਕਾਰਜ ਦਾ ਸ਼ੁੱਭ ਉਦਘਾਟਨ ਵੀ ‘ਸਾਚਾ ਗੁਰੂ ਲਾਧੋ ਰੇ ਦਿਵਸ’ ਨੂੰ ਸਮਰਪਿਤ ਸਾਲਾਨਾ ਜੋੜ ਮੇਲੇ ਮੌਕੇ ਕੀਤਾ ਗਿਆ ਸੀ, ਅਤੇ ਜਲਦ ਹੀ ਸਾਚਾ ਗੁਰੂ ਲਾਧੋ ਰੇ ਦਿਵਸ-2026 ਤੱਕ ਇਹ ਕਾਰਜ ਸੰਪੂਰਨ ਕਰਕੇ ਸੰਗਤਾਂ ਦੇ ਅਰਪਿਤ ਕੀਤੇ ਜਾਣਗੇ। ਇਸ ਮੌਕੇ ਬਾਬਾ ਦਵਿੰਦਰ ਸਿੰਘ ਸੋਨੂੰ, ਬਾਬਾ ਅਵਤਾਰ ਸਿੰਘ ਬੱਬੂ, ਜਥੇਦਾਰ ਰੇਸ਼ਮ ਸਿੰਘ ਪੱਲ੍ਹਾ, ਮੈਨੇਜਰ ਭਾਈ ਨਿਸ਼ਾਨ ਸਿੰਘ ਜੱਫਰਵਾਲ, ਐਡੀਸ਼ਨਲ ਮੈਨੇਜਰ ਭਾਈ ਬਲਜੀਤ ਸਿੰਘ ਕੰਗ ਅਤੇ ਮੀਤ ਮੈਨੇਜਰ ਭਾਈ ਸ਼ੇਰ ਸਿੰਘ, ਪਲਵਿੰਦਰ ਸਿੰਘ ਪੱਪਾ, ਬਲਜਿੰਦਰ ਸਿੰਘ ਥਿੰਦ, ਜਰਮਨਜੀਤ ਸਿੰਘ ਜਲਾਲ ਉਸਮਾ, ਜ: ਹਰਭਿੰਦਰ ਸਿੰਘ ਧਾਰੋਵਾਲੀ, ਗੁਰਭੇਜ ਸਿੰਘ ਸਰਾਂ ਤੇ ਹੋਰ ਹਾਜ਼ਰ ਸਨ ।
ਗੁਰਦੁਆਰਾ ਪਾਤਸ਼ਾਹੀ ਨੌਵੀਂ ਵਿਖੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕੀ ਬਲਾਕ ਦੀ ਦੂਸਰੀ ਮੰਜ਼ਿਲ ਦੀਆਂ ਸੇਵਾਵਾਂ ਜ਼ੋਰਾਂ ‘ਤੇ
ਅਜੀਤ ਡੈਸਕ
01-07-2026