ਬਾਬਾ ਬਕਾਲਾ ਸਾਹਿਬ, 8 ਜੁਲਾਈ (ਸ਼ੇਲਿੰਦਰਜੀਤ ਸਿੰਘ ਰਾਜਨ)- ਅੱਜ ਇੱਥੇ ਕੁਲ ਹਿੰਦ ਕਿਸਾਨ ਸਭਾ (ਸੀਟੂ) ਅਤੇ ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ ਪੰਜਾਬ, ਤਹਿਸੀਲ ਬਾਬਾ ਬਕਾਲਾ ਸਾਹਿਬ ਵਲੋਂ ਸੀਟੂ ਜ਼ਿਲ੍ਹਾ ਅੰਮ੍ਰਿਤਸਰ ਦੇ ਮੀਤ ਪ੍ਰਧਾਨ ਕਾਮਰੇਡ ਗੁਰਦੀਪ ਸਿੰਘ ਬੁਤਾਲਾ ਦੀ ਅਗਵਾਈ ਹੇਠ ਹੱਕੀ ਮੰਗਾਂ ਨੂੰ ਲੈ ਕੇ ਤਹਿਸੀਲ ਬਾਬਾ ਬਕਾਲਾ ਸਾਹਿਬ ਵਿਖੇ ਰੋਸ ਵਿਖਾਵਾ ਕੀਤਾ ਗਿਆ। ਇਸ ਦੌਰਾਨ ਹੀ ਵਫਦ ਨੇ ਦੇਸ਼ ਦੇ ਰਾਸ਼ਟਰਪਤੀ ਭਾਰਤ ਸਰਕਾਰ ਅਤੇ ਪੰਜਾਬ ਦੇ ਮੁੱਖ ਮੰਤਰੀ ਦੇ ਨਾਂ ਦੇ ਨਾਮ ਇਕ ਮੰਗ ਪੱਤਰ ਐੱਸ.ਡੀ.ਐੱਮ. ਬਾਬਾ ਬਕਾਲਾ ਸਾਹਿਬ ਜਸ਼ਨਜੀਤ ਸਿੰਘ ਨੂੰ ਸੌਂਪਿਆ। ਜਿਸ ਵਿਚ ਰਾਸ਼ਟਰਪਤੀ ਕੋਲੋਂ ਮੰਗ ਕੀਤੀ ਗਈ ਕਿ ਬੀਤੇ ਦਿਨ ਰਾਜਸਥਾਨ ਵਿਚ 13 ਸਾਲ ਦੀ ਮਾਸੂਮ ਬੱਚੀ ਨਾਲ ਜੋ ਦਰਿੰਦਗੀ ਦੀ ਘਟਨਾ ਹੋਈ ਹੈ, ਉਥੇ ਭਾਜਪਾ ਸਰਕਾਰ ਹੈ, ਅਸੀਂ ਮੰਗ ਕਰਦੇ ਹਾਂ ਕਿ ਇਨ੍ਹਾਂ 32 ਦਰਿੰਦਿਆਂ ਨੂੰ ਜਿਨ੍ਹਾਂ ਨੇ ਅਮਾਨਵੀ ਢੰਗ ਤਰੀਕੇ ਨਾਲ ਬੱਚੀ ਨਾਲ ਕੁਕਰਮ ਕੀਤਾ ਹੈ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇ। ਇਸ ਤੋਂ ਇਲਾਵਾ ਮੰਗ ਪੱਤਰ ਵਿਚ ਮੰਗ ਕੀਤੀ ਗਈ ਕਿ ਵੀ.ਬੀ.ਜੀ. ਰਾਮ ਜੀ ਕਾਨੂੰਨ ਵਾਪਸ ਲੈਣ, ਮਗਨਰੇਗਾ ਕਾਨੂੰਨ ਬਹਾਲ ਕਰਨ, ਤਜਵੀਜਤ ਬਿਜਲੀ ਬਿੱਲ 2025 ਐਕਟ ਬਿੱਲ ਵਾਪਸ ਲੈਣ, ਮੁਕਤ ਵਪਾਰ ਸੰਧੀ ਰੱਦ ਕਰਨ, ਬੇ-ਜ਼ਮੀਨੇ ਖੇਤ ਮਜ਼ਦੂਰਾਂ ਨੂੰ 10-10 ਮਰਲੇ ਦੇ ਪਲਾਟ ਦੇਣ, ਕੱਚੇ ਮਕਾਨਾਂ ਵਾਲੇ ਮਜ਼ਦੂਰਾਂ ਨੂੰ ਮਕਾਨ ਬਨਾਉਣ ਲਈ ਪੰਜ ਲੱਖ ਰੁਪਏ ਸਹਾਇਤਾ ਦੇਣ, ਕਿਸਾਨਾਂ ਤੇ ਖੇਤ ਮਜ਼ਦੂਰਾਂ ਦੇ ਕਰਜੇ ਮਾਫ਼ ਕਰਨ, ਆਜ਼ਾਦੀ ਤੋਂ ਬਾਅਦ ਜਿਨ੍ਹਾਂ ਆਬਾਦਕਾਰਾਂ ਨੇ ਜ਼ਮੀਨਾਂ ਆਬਾਦ ਕੀਤੀਆਂ ਉਨ੍ਹਾਂ ਨੂੰ ਮਾਲਕੀ ਦੇ ਹੱਕ ਦੇਣ, ਤਾਰ ਤੋਂ ਪਾਰ ਦੀਆਂ ਜ਼ਮੀਨਾਂ ਵਿਚ ਕਿਸਾਨੀ ਦੇ ਕੰਮ ਦੇ ਘੰਟੇ ਵਧਾਉਣ, ਬਾਰਡਰ ਦੇ ਪਾਰ ਜ਼ਮੀਨਾਂ ਦਾ ਤੀਹ ਹਜ਼ਾਰ ਰੁਪਏ ਕੇਂਦਰ ਸਰਕਾਰ ਵਲੋਂ ਮੁਆਵਜ਼ਾ ਦੇਣ, ਡੀਜ਼ਲ, ਪੈਟਰੋਲ, ਰਸੋਈ ਗੈਸ ਦੇ ਰੇਟਾਂ ‘ਚ ਕੀਤਾ ਵਾਧਾ ਵਾਪਸ ਲੈਣ, ਯੂਰੀਆ ਡੀ.ਏ.ਪੀ. ਖਾਦ ਨਾਲ ਹੋਰ ਸਮੱਗਰੀ ਦੇਣ ਦੇ ਨਾਮ ‘ਤੇ ਲੁੱਟ ਬੰਦ ਕਰਨ ਦੀ ਮੰਗ ਕੀਤੀ ਗਈ । ਇਸ ਮੌਕੇ ਕੁਲ ਹਿੰਦ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਬੱਲ ਸਠਿਆਲਾ, ਜ਼ਿਲ੍ਹਾ ਜਨਰਲ ਸਕੱਤਰ ਜਸਬੀਰ ਸਿੰਘ ਝਬਾਲ, ਤਹਿਸੀਲ ਪ੍ਰਧਾਨ ਜਗਜੀਤ ਸਿੰਘ ਜਸਪਾਲ, ਤਹਿਸੀਲ ਜਨਰਲ ਸਕੱਤਰ ਕੁਲਦੀਪ ਸਿੰਘ ਜੱਬੋਵਾਲ, ਜ਼ਿਲ੍ਹਾ ਕਮੇਟੀ ਮੈਂਬਰ ਸਰਵਣ ਸਿੰਘ ਤਰਸਿੱਕਾ, ਹਿਊਂਮਨ ਰਾਈਟਸ ਦੇ ਚੇਅਰਮੈਨ ਜਸਬੀਰ ਸਿੰਘ ਨਾਰਲਾ, ਕਿਸਾਨ ਆਂਗੂ ਨਿਰਮਲ ਸਿੰਘ ਸਰਜਾ, ਬਲਜਿੰਦਰ ਸਿੰਘ ਸਰਜਾ, ਸੁਖਜਿੰਦਰ ਸਿੰਘ ਮਾਨੋਚਾਹਲ, ਜੱਗਾ ਸਿੰਘ, ਬਲਦੇਵ ਸਿੰਘ ਡੇਹਰੀਵਾਲ, ਦਾਰਾ ਸਿੰਘ ਮਹਿਤਾ, ਬੀਟਾ ਸਿੰਗ ਮਦੇਪੁਰ, ਗੁਰਮੁੱਖ ਸਿੰਘ ਬੁਤਾਲਾ ਆਦਿ ਆਗੂ ਹਾਜ਼ਰ ਸਨ ।