ਜੰਡਿਆਲਾ ਗੁਰੂ, 19 ਜੁਲਾਈ (ਅੰਮ੍ਰਿਤਪਾਲ ਸਿੰਘ)- ਭਾਰਤੀ ਰਾਸ਼ਟਰੀ ਰਾਜਮਾਰਗ ਪ੍ਰਾਧਿਕਰਣ (ਐੱਨ.ਐੱਚ.ਏ.ਆਈ.) ਵਲੋਂ ਜਲੰਧਰ-ਅੰਮ੍ਰਿਤਸਰ ਕੌਮੀ ਰਾਜਮਾਰਗ-1 ’ਤੇ ਸਥਿਤ ਨਿੱਜਰਪੁਰਾ ਟੋਲ ਪਲਾਜ਼ਾ ਦੀਆਂ ਟੋਲ ਦਰਾਂ ’ਚ ਇਕ ਵਾਰ ਫਿਰ ਵਾਧਾ ਕਰ ਦਿੱਤਾ ਗਿਆ ਹੈ । ਸੋਧੀਆਂ ਗਈਆਂ ਨਵੀਆਂ ਦਰਾਂ 15 ਜੁਲਾਈ 2026 ਤੋਂ ਲਾਗੂ ਹੋ ਗਈਆਂ ਹਨ। ਟੋਲ ਦਰਾਂ ਵਿਚ ਹੋਏ ਇਸ ਵਾਧੇ ਨਾਲ ਆਮ ਲੋਕਾਂ, ਰੋਜ਼ਾਨਾ ਸਫ਼ਰ ਕਰਨ ਵਾਲਿਆਂ ਅਤੇ ਵਪਾਰਕ ਵਾਹਨ ਚਾਲਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ । ਨਿੱਜਰਪੁਰਾ ਟੋਲ ਪਲਾਜ਼ਾ ਦੇ ਮੈਨੇਜਰ ਫੈਜ਼ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਐੱਨ.ਐੱਚ.ਏ.ਆਈ. ਵਲੋਂ ਜਾਰੀ ਹੁਕਮਾਂ ਅਨੁਸਾਰ ਲਿੰਕਿੰਗ ਫੈਕਟਰ 1.641 ਵਿਚ ਤਬਦੀਲੀ ਦੇ ਮੱਦੇਨਜ਼ਰ ਵਿੱਤੀ ਸਾਲ 2026-27 ਦੀ ਬਾਕੀ ਮਿਆਦ ਲਈ ਨਵੀਆਂ ਟੋਲ ਦਰਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ । ਨਵੀਆਂ ਦਰਾਂ ਅਨੁਸਾਰ ਕਾਰ, ਜੀਪ, ਵੈਨ ਅਤੇ ਹੋਰ ਹਲਕੇ ਮੋਟਰ ਵਾਹਨਾਂ ਲਈ ਇਕ ਪਾਸੇ ਦਾ ਟੋਲ 70 ਰੁਪਏ ਕਰ ਦਿੱਤਾ ਗਿਆ ਹੈ, ਜਦਕਿ ਇਕ ਦਿਨ ਵਿਚ ਦੋ ਇਕ ਪਾਸੇ ਯਾਤਰਾਵਾਂ ਲਈ 105 ਰੁਪਏ ਅਤੇ 50 ਯਾਤਰਾਵਾਂ ਵਾਲੇ ਮਾਸਿਕ ਪਾਸ ਦੀ ਫੀਸ 2300 ਰੁਪਏ ਨਿਰਧਾਰਿਤ ਕੀਤੀ ਗਈ ਹੈ। ਟੋਲ ਪਲਾਜ਼ਾ ਵਾਲੇ ਜ਼ਿਲ੍ਹੇ ਵਿਚ ਰਜਿਸਟਰਡ ਵਪਾਰਕ ਵਾਹਨਾਂ ਲਈ ਫੀਸ 35 ਰੁਪਏ ਰੱਖੀ ਗਈ ਹੈ। ਇਸੇ ਤਰ੍ਹਾਂ ਹਲਕੇ ਵਪਾਰਕ ਵਾਹਨਾਂ, ਲਾਈਟ ਗੁੱਡਜ਼ ਵਾਹਨਾਂ ਅਤੇ ਮਿੰਨੀ ਬੱਸਾਂ ਲਈ ਇਕ ਪਾਸੇ ਦਾ ਟੋਲ 110 ਰੁਪਏ, ਬੱਸਾਂ ਅਤੇ ਦੋ ਐਕਸਲ ਟਰੱਕਾਂ ਲਈ 235 ਰੁਪਏ, ਤਿੰਨ ਐਕਸਲ ਵਪਾਰਕ ਵਾਹਨਾਂ ਲਈ 255 ਰੁਪਏ, ਚਾਰ ਤੋਂ ਛੇ ਐਕਸਲ ਵਾਲੇ ਭਾਰੀ ਵਾਹਨਾਂ ਅਤੇ ਨਿਰਮਾਣ ਮਸ਼ੀਨਰੀ ਲਈ 365 ਰੁਪਏ ਅਤੇ ਸੱਤ ਜਾਂ ਇਸ ਤੋਂ ਵੱਧ ਐਕਸਲ ਵਾਲੇ ਓਵਰਸਾਈਜ਼ ਵਾਹਨਾਂ ਲਈ 445 ਰੁਪਏ ਟੋਲ ਫੀਸ ਨਿਰਧਾਰਿਤ ਕੀਤੀ ਗਈ ਹੈ। ਟੋਲ ਪਲਾਜ਼ਾ ਤੋਂ 20 ਕਿਲੋਮੀਟਰ ਦੇ ਘੇਰੇ ਵਿਚ ਰਹਿਣ ਵਾਲੇ ਗੈਰ-ਵਪਾਰਕ ਵਾਹਨ ਮਾਲਕਾਂ ਲਈ ਮਾਸਿਕ ਲੋਕਲ ਪਾਸ ਦੀ ਫੀਸ 360 ਰੁਪਏ ਰੱਖੀ ਗਈ ਹੈ। ਟੋਲ ਦਰਾਂ ਵਿਚ ਹੋਏ ਇਸ ਵਾਧੇ ਨੂੰ ਲੈ ਕੇ ਲੋਕਾਂ ਵਿਚ ਨਾਰਾਜ਼ਗੀ ਸਾਫ਼ ਦੇਖਣ ਨੂੰ ਮਿਲੀ। ਨਿੱਜਰਪੁਰਾ ਟੋਲ ਪਲਾਜ਼ਾ ਤੋਂ ਲੰਘ ਰਹੇ ਵਾਹਨ ਚਾਲਕਾਂ ਨੇ ਕਿਹਾ ਕਿ ਜਦੋਂ ਇਹ ਟੋਲ ਸ਼ੁਰੂ ਹੋਇਆ ਸੀ ਤਾਂ ਕਾਰ ਲਈ ਇਕ ਪਾਸੇ ਦਾ ਟੋਲ ਸਿਰਫ਼ 24 ਰੁਪਏ ਸੀ, ਜੋ ਹੁਣ ਵਧ ਕੇ 70 ਰੁਪਏ ਤੱਕ ਪਹੁੰਚ ਗਿਆ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਹਰ ਸਾਲ ਟੋਲ ਦਰਾਂ ਵਿਚ ਲਗਾਤਾਰ ਵਾਧਾ ਕੀਤਾ ਜਾ ਰਿਹਾ ਹੈ, ਜਿਸ ਨਾਲ ਆਮ ਲੋਕਾਂ ਦੀ ਜੇਬ ‘ਤੇ ਵੱਡਾ ਬੋਝ ਪੈ ਰਿਹਾ ਹੈ। ਵਾਹਨ ਮਾਲਕਾਂ ਨੇ ਕਿਹਾ ਕਿ ਪਹਿਲਾਂ ਹੀ ਪੈਟਰੋਲ ਅਤੇ ਡੀਜ਼ਲ ਦੀਆਂ ਵਧੀਆਂ ਕੀਮਤਾਂ ਕਾਰਨ ਆਵਾਜਾਈ ਦਾ ਖ਼ਰਚਾ ਕਾਫ਼ੀ ਵਧ ਚੁੱਕਾ ਹੈ ਅਤੇ ਹੁਣ ਟੋਲ ਦਰਾਂ ਵਿਚ ਲਗਾਤਾਰ ਹੋ ਰਹੇ ਵਾਧੇ ਨੇ ਮਹਿੰਗਾਈ ਦਾ ਬੋਝ ਹੋਰ ਵੀ ਵਧਾ ਦਿੱਤਾ ਹੈ। ਉਨ੍ਹਾਂ ਨੇ ਸਰਕਾਰ ਅਤੇ ਐੱਨ.ਐੱਚ.ਏ.ਆਈ. ਤੋਂ ਮੰਗ ਕੀਤੀ ਕਿ ਟੋਲ ਦਰਾਂ ਵਿਚ ਵਾਰ-ਵਾਰ ਕੀਤੇ ਜਾ ਰਹੇ ਵਾਧੇ ‘ਤੇ ਮੁੜ ਵਿਚਾਰ ਕੀਤਾ ਜਾਵੇ ।
ਨਿੱਜਰਪੁਰਾ ਟੋਲ ਪਲਾਜ਼ਾ ਦੀਆਂ ਦਰਾਂ ’ਚ ਫਿਰ ਵਾਧਾ, ਕਾਰ ਦਾ ਇਕ ਪਾਸੇ ਦਾ ਟੋਲ 70 ਰੁਪਏ ਹੋਇਆ
ਅਜੀਤ ਡੈਸਕ
20-07-2026