ਭੋਗ ’ਤੇ ਵਿਸ਼ੇਸ਼ - ਸਾਬਕਾ ਸਰਪੰਚ ਜਗਰੂਪ ਸਿੰਘ ਘਣੀਆਂ
ਬਾਜਾਖਾਨਾ, 17 ਸਤੰਬਰ (ਜੀਵਨ ਗਰਗ)- ਸ. ਜਗਰੂਪ ਸਿੰਘ ਬਰਾੜ ਦਾ ਜਨਮ 1952 ਈ.
ਬਾਜਾਖਾਨਾ, 17 ਸਤੰਬਰ (ਜੀਵਨ ਗਰਗ)- ਸ. ਜਗਰੂਪ ਸਿੰਘ ਬਰਾੜ ਦਾ ਜਨਮ 1952 ਈ. ਨੂੰ ਮਾਤਾ ਸਚਿਆਰ ਕੌਰ ਦੀ ਕੁੱਖੋਂ ਪਿਤਾ ਨੱਥਾ ਸਿੰਘ ਦੇ ਘਰ ਪਿੰਡ ਘਣੀਆਂ ਨੇੜੇ ਬਾਜਾਖਾਨਾ ਵਿਖੇ ਹੋਇਆ। ਬਚਪਨ ਤੋਂ ਹੀ ਤੀਖਣ ਬੁੱਧੀ ਦੇ ਹੋਣ ਕਾਰਨ ਪੜ੍ਹਾਈ ’ਚ ਰੁਚੀ ਰੱਖਦੇ ਸਨ। ਆਪ ਨੇ ਖਾਲਸਾ ਕਾਲਜ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਬੀ.ਐਸ.ਸੀ. ਖੇਤੀਬਾੜੀ ਦੀ ਸਿੱਖਿਆ ਹਾਸਿਲ ਕਰਨ ਉਪਰੰਤ ਖੇਤੀਬਾੜੀ ਅਧਿਆਪਕ ਦੀਆਂ ਸੇਵਾਵਾਂ ’ਚ ਆਏ। ਆਪ ਦਾ ਵਿਆਹ ਨੱਥੋ ਕੇ (ਮੋਗਾ) ਨਿਵਾਸੀ ਬਖਤੌਰ ਸਿੰਘ ਗਰੇਵਾਲ ਦੀ ਸਪੁੱਤਰੀ ਬੀਬੀ ਜਸਵਿੰਦਰ ਕੌਰ ਨਾਲ ਹੋਇਆ। ਘਰ ’ਚ ਇਕ ਲੜਕੇ ਅਮਰਪਾਲ ਸਿੰਘ ਬਰਾੜ ਤੇ ਲੜਕੀ ਗੁਰਸੰਗੀਤ ਕੌਰ ਨੇ ਜਨਮ ਲਿਆ। ਜਿਸ ਨੂੰ ਆਪ ਨੇ ਬਹੁਤ ਹੀ ਉੱਚ ਪਾਏ ਦੀ ਤਾਲੀਮ ਦਿਵਾਈ ਤੇ ਬਹੁਤ ਹੀ ਵਧੀਆਂ ਸਮਾਜਿਕ ਸਰੋਕਾਰ ਦਿੱਤੇ ਜਿੰਨ੍ਹਾਂ ਦੀ ਬਦੌਲਤ ਉਹ ਇਲਾਕੇ ਦਾ ਬਹੁਤ ਹੀ ਵਧੀਆ ਸਫ਼ਲ ਕਾਰੋਬਾਰੀ ਹੈ ਅਤੇ ਲੜਕੀ ਗੁਰਸੰਗੀਤ ਕੌਰ ਤੇ ਦਾਮਾਦ ਸੁਖਦੀਪ ਸਿੰਘ ਸਿੱਖਿਆ ਵਿਭਾਗ ’ਚ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ। ਆਪ ਨੇ ਸੇਵਾ-ਮੁਕਤੀ ਉਪਰੰਤ ਆਪਣੀਆਂ ਪਰਿਵਾਰਕ ਜ਼ਿੰਮੇਵਾਰੀਆਂ ਤੋਂ ਥੋੜਾ ਸੁਰਖਰੂ ਹੋਣ ਉਪਰੰਤ ਸਮਾਜ ਸੇਵਾ ਦੇ ਕੰਮਾਂ ’ਚ ਵਧੇਰੀ ਰੁਚੀ ਰੱਖਣ ਲੱਗੇ ਅਤੇ ਇਸ ਖੇਤਰ ’ਚ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਰ-ਸੁਆਰਥ ਸੇਵਾ ਕਰਨ ਲੱਗੇ। ਇਨ੍ਹਾਂ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਸਮੂਹ ਨਗਰ ਨਿਵਾਸੀਆ ਨੇ ਆਪ ਨੂੰ 2007 ’ਚ ਪੰਚਾਇਤ ਮੈਂਬਰ ਚੁਣਿਆ। ਇਸ ਤੋਂ ਬਾਅਦ 2013 ’ਚ ਆਪ ਨੂੰ ਪਿੰਡ ਘਣੀਆਂ ਦੇ ਸਰਪੰਚ ਦੀ ਨੁਮਾਇੰਗੀ ਕਰਨ ਦਾ ਮੌਕਾ ਮਿਲਿਆ। ਆਪ ਨੂੰ ਮਾਰਕੀਟ ਕਮੇਟੀ ਭਗਤਾ ਭਾਈਕਾ ਦਾ ਮੈਂਬਰ ਨਿਯੁਕਤ ਕੀਤਾ ਗਿਆ। ਭਾਂਵੇ ਆਪ ਪਾਰਟੀਬਾਜ਼ੀ ‘ਚ ਕੋਈ ਵਿਸ਼ਵਾਸ ਨਹੀਂ ਰੱਖਦੇ ਸਨ ਪਰ ਆਪ ਸ਼੍ਰੋਮਣੀ ਅਕਾਲੀ ਦਲ (ਬ) ਦੇ ਵਫਾਦਾਰ ਸਿਪਾਹੀ ਹੋਣ ਦੇ ਨਾਤੇ ਆਪ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਪੀ.ਏ.ਐਸ. ਕਮੇਟੀ ਦਾ ਮੈਂਬਰ ਚੁਣਿਆ। ਆਪ ਦੀ ਪਰਿਵਾਰ ਤੇ ਸਮਾਜ ਨੂੰ ਹੋਰ ਸਮਾਂ ਲੋੜ ਸੀ ਪਰ ਕੁਦਰਤ ਨੂੰ ਇਹ ਮੰਨਜ਼ੂਰ ਨਾ ਹੋਇਆ ਅਤੇ ਪਿਛਲੇ ਦਿਨੀਂ ਆਪ 74 ਸਾਲ ਦੇ ਕਰੀਬ ਲੰਮੀ ਤੇ ਖੁਸ਼ਹਾਲ ਜ਼ਿੰਦਗੀ ਭੋਗਦੇ ਹੋਏ ਇਸ ਫਾਨੀ ਸੰਸਕਾਰ ਨੂੰ ਅਲਵਿਦਾ ਕਹਿ ਗਏ। ਆਪ ਜੀ ਦੀ ਆਤਿਮਕ ਸ਼ਾਂਤੀ ਲਈ ਰਖਵਾਏ ਗਏ ਸਹਿਜ ਪਾਠ ਦਾ ਭੋਗ ਤੇ ਅੰਤਿਮ ਅਰਦਾਸ 18 ਸਤੰਬਰ 2026 ਦਿਨ ਸ਼ੁੱਕਰਵਾਰ ਨੂੰ ਬਾਅਦ ਦੁਪਹਿਰ 12:30 ਤੋਂ 1 ਵਜੇ ਤੱਕ ਡੇਰਾ ਬਾਬਾ ਰਾਮਟਿੱਲਾ ਮਲੂਕਾ (ਬਠਿੰਡਾ) ਵਿਖੇ ਹੋਵੇਗੀ। ਜਿਥੇ ਅੰਤਿਮ ਅਰਦਾਸ ਉਪਰੰਤ ਪਰਿਵਾਰ ਦੇ ਸਨੇਹੀ ਉਨ੍ਹਾਂ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਟ ਕਰਨਗੇ। - ਜੀਵਨ ਗਰਗ