ਬਹਾਦਰਗੜ੍ਹ, 31 ਦਸੰਬਰ (ਕੁਲਬੀਰ ਸਿੰਘ ਧਾਲੀਵਾਲ)-ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਇੰਸਟੀਚਿਊਟ ਆਫ਼ ਐਡਵਾਂਸਡ ਸਟੱਡੀਜ਼ ਇਨ ਸਿੱਖਇਜ਼ਮ ਪਟਿਆਲਾ ਵਿਖੇ ਚੱਲ ਰਹੇ 'ਬੈਚੁਲਰ ਆਫ਼ ਮੈਨੇਜਮੈਂਟ ਸਟੱਡੀਜ਼ (ਗੁਰਦੁਆਰਾ ਮੈਨੇਜਮੈਂਟ)' ਅਤੇ 'ਬੈਚੁਲਰ ਆਫ਼ ਆਰਟਸ (ਆਨਰਜ਼) ਇਨ ਗੁਰਮੁਖੀ ਐਜੂਕੇਸ਼ਨ' ਦੇ ਵਿਦਿਆਰਥੀਆਂ ਲਈ 'ਬਚਾਅ 'ਚ ਹੀ ਬਚਾਅ ਹੈ' ਦਾ ਭਾਸ਼ਣ ਡਾ. ਪੰਕਜਪ੍ਰੀਤ ਸਿੰਘ ਹੈੱਡ ਫੀਜੀਓਥਰੈਪੀ ਵਿਭਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ, ਸ੍ਰੀ ਫਤਹਿਗੜ੍ਹ ਸਾਹਿਬ ਵਲੋਂ ਕਰਵਾਇਆ ਗਿਆ | ਜਿਸ 'ਚ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਇੱਥੇ ਅਪੰਗ, ਗਰੀਬ ਵਿਅਕਤੀ ਅਤੇ ਬੱਚਿਆ ਦਾ ਮੁਫ਼ਤ ਇਲਾਜ ਕੀਤਾ ਜਾਂਦਾ ਹੈ, ਫੀਜੀਓਥਰੈਪੀ ਬਾਰੇ ਦੱਸਦੇ ਹੋਏ ਉਨ੍ਹਾਂ ਨੇ ਕਿਹਾ ਕਿ ਇਕ ਤਕਨੀਕ ਨਾਲ ਮਾਹਿਰ ਬੰਦਿਆਂ ਵਲੋਂ ਸਰੀਰ ਦੇ ਦਰਦਾਂ ਜਿਵੇਂ ਕਿ ਗੋਡੇ ਦੀ ਦਰਦ, ਪਿੱਠ ਦੀ ਦਰਦ ਆਦਿ ਦਰਦਾਂ ਨੂੰ ਠੀਕ ਕੀਤਾ ਜਾਂਦਾ ਹੈ ਅਤੇ ਸਰੀਰ ਨੂੰ ਦੁਬਾਰਾ ਉਸੇ ਹੀ ਅਵਸਥਾ ਵਿਚ ਲੈ ਕੇ ਆਇਆ ਜਾਂਦਾ ਹੈ | ਡਾ. ਪੰਕਜਪ੍ਰੀਤ ਸਿੰਘ ਵਲੋਂ ਦੱਸਿਆ ਗਿਆ ਕਿ ਅੱਜ ਦੇ ਸਮੇਂ ਵਿਚ ਮੋਬਾਈਲ ਫ਼ੋਨ ਦੀ ਜ਼ਿਆਦਾ ਵਰਤੋਂ ਕਰਕੇ ਗਰਦਨ ਦੇ ਪੋਸਚਰ 'ਚ ਵੀ ਦਿੱਕਤ ਆ ਰਹੀ ਹੈ ਅਤੇ ਸਾਨੂੰ ਕਈ ਬਿਮਾਰੀਆਂ ਨੇ ਘੇਰ ਲਿਆ ਹੈ | ਅੱਜ-ਕੱਲ੍ਹ ਦੀ ਨੌਜਵਾਨ ਪੀੜੀ ਨੂੰ ਮੋਬਾਈਲ ਫ਼ੋਨ ਦੀ ਆਦਤ ਛੁਡਾਉਣ ਲਈ ਡੀ-ਅਡੀਕਸ਼ਨ ਸੈਂਟਰ ਖੋਲੇ ਗਏ ਹਨ | ਸਾਡੇ ਸਰੀਰ ਦੇ ਕਈ ਹਿੱਸਿਆਂ ਜਿਵੇਂ ਕਿ ਦਿਲ, ਦਿਮਾਗ਼ ਆਦਿ ਦੀਆਂ ਬਿਮਾਰੀਆਂ ਨੂੰ ਦੂਰ ਕਰਨ ਲਈ ਇਹ ਥਰੈਪੀ ਬਹੁਤ ਸਹਾਈ ਹੈ | ਕਈ ਔਰਤਾਂ ਨੂੰ ਰੀਡ ਦੀ ਹੱਡੀ ਵਿਚ ਆਉਂਦੀ ਦਿੱਕਤ ਲਈ ਵੀ ਇਹ ਥਰੈਪੀ ਬਹੁਤ ਸਹਾਈ ਹੋ ਰਹੀ ਹੈ | ਵਿਸ਼ਵ ਸਿਹਤ ਸੰਗਠਨ ਵਲੋਂ ਕਿਹਾ ਗਿਆ ਹੈ ਕਿ ਦਵਾਈਆਂ ਦੀ ਜ਼ਿਆਦਾ ਵਰਤੋਂ ਨਾਲ ਸਰੀਰ 'ਤੇ ਜ਼ਿਆਦਾ ਪ੍ਰਭਾਵ ਪੈ ਰਿਹਾ ਹੈ | ਸਾਡੀ ਰੋਜ਼ਾਨਾ ਜ਼ਿੰਦਗੀ ਵਿਚ ਕੰਮ ਕਰਨ ਦੌਰਾਨ ਸਹੀ ਪੋਸਚਰ 'ਚ ਨਾ ਬੈਠਣ ਉੱਠਣ ਦੇ ਕਾਰਨ ਜੋ ਦਿੱਕਤ ਆਉਂਦੀ ਹੈ ਉਸ ਨੂੰ ਠੀਕ ਕਰਨ ਦੇ ਲਈ ਸਾਨੂੰ ਦਫ਼ਤਰ ਵਿਚ ਕੰਮ ਕਰਨ ਦੇ ਸਮੇਂ ਸਿੱਧਾ ਬੈਠਣਾ ਚਾਹੀਦਾ ਹੈ | ਘਰ 'ਚ ਸੌਣ ਵੇਲੇ ਗੱਦੇ ਅਤੇ ਸਰਾਣਾ ਬਿਲਕੁਲ ਸਹੀ ਲੈਣਾ ਚਾਹੀਦਾ ਹੈ, ਜਿਸ ਦੀ ਉਚਾਈ ਨਾ ਜ਼ਿਆਦਾ ਮੋਟੀ ਹੋਵੇ ਅਤੇ ਨਾ ਜ਼ਿਆਦਾ ਪਤਲੀ ਹੋਵੇ | ਰੋਜ਼ਾਨਾ ਵਰਤੋਂ 'ਚ ਆਉਣ ਵਾਲੀ ਵੈਸਟਰਨ ਟੁਆਇਲਟ ਦੀ ਵਰਤੋਂ ਘਟਾ ਕੇ ਇੰਡੀਅਨ ਟੁਆਇਲਟ ਦੀ ਵਰਤੋਂ ਕਰਨੀ ਚਾਹੀਦੀ ਹੈ | ਇੰਸਟੀਚਿਊਟ ਵਲੋਂ ਡਾ. ਪੰਕਜਪ੍ਰੀਤ ਸਿੰਘ ਦਾ ਪੁਸਤਕਾਂ ਭੇਟ ਕਰਕੇ ਸਨਮਾਨ ਕੀਤਾ ਗਿਆ | ਇਸ ਮੌਕੇ ਇੰਚਾਰਜ ਸੰਦੀਪ ਸਿੰਘ, ਅਧਿਆਪਕ, ਵਿਦਿਆਰਥੀ ਤੇ ਹੋਰ ਹਾਜ਼ਰ ਸਨ |