ਨਾਭਾ, 6 ਜਨਵਰੀ (ਕਰਮਜੀਤ ਸਿੰਘ)-ਡੈਮੋਕ੍ਰੇਟਿਕ ਮਨਰੇਗਾ ਫ਼ਰੰਟ ਬਲਾਕ ਕਮੇਟੀ ਨਾਭਾ ਦੀ ਮੀਟਿੰਗ ਬਲਾਕ ਪ੍ਰਧਾਨ ਕੁਲਵੰਤ ਕੌਰ ਥੂਹੀ ਦੀ ਅਗਵਾਈ 'ਚ ਪੇਂਡੂ ਮਜ਼ਦੂਰਾਂ ਨੇ ਰੋਸ ਜ਼ਾਹਿਰ ਕੀਤਾ ਕਿ ਰੁਜ਼ਗਾਰ ਦੀ ਗਾਰੰਟੀ 'ਚ 100 ਦਿਨ ਤੋਂ 125 ਦਿਨ ਦਾ ਵਾਧਾ ਕਰਨ ਲਈ ਮਨਰੇਗਾ ਕਾਨੂੰਨ ਰੱਦ ਕਰਨ ਦੀ ਕੋਈ ਲੋੜ ਨਹੀਂ ਸੀ | ਨਵੇਂ ਕਾਨੂੰਨ 'ਚ ਲੋਕ ਅਧਿਕਾਰਾਂ ਨੂੰ ਬਿਲਕੁਲ ਖੋਖਲਾ ਕਰਨ ਦੀ ਸਰਕਾਰ ਦੀ ਕੋਝੀ ਚਾਲ ਲੋਕ ਸਮਝ ਰਹੇ ਹਨ | ਉਕਤ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਆਈ.ਡੀ.ਪੀ. ਦੇ ਸੂਬਾ ਆਗੂ ਗੁਰਮੀਤ ਸਿੰਘ ਥੂਹੀ, ਡੀ.ਐਮ.ਐਫ. ਦੇ ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਕੌਰ ਰਾਮਗੜ੍ਹ ਨੇ ਕਿਹਾ ਕਿ ਮਨਰੇਗਾ ਕਾਨੂੰਨ 'ਚ ਹੀ ਦਿਨ ਵਧਾਏ ਜਾ ਸਕਦੇ ਸੀ | ਸਾਰਾ ਕਾਨੂੰਨ ਰੱਦ ਕਰਕੇ ਵੀ ਬੀ ਜੀ ਰਾਮ ਜੀ ਕਾਨੂੰਨ ਬਣਾਉਣ ਪਿੱਛੇ ਸਰਕਾਰ ਦੀ ਚਾਲ ਇਹ ਹੈ ਕਿ ਉਹ ਦੇਸ਼ 'ਚ ਇਕ ਵੱਡਾ ਵਿੱਤੀ ਪਾੜਾ ਖੜ੍ਹਾ ਕਰਨਾ ਚਾਹੁੰਦੀ ਹੈ ਤਾਂ ਕਿ ਵੱਡੀ ਆਬਾਦੀ ਇਕ ਛੋਟੀ ਗਿਣਤੀ ਕਾਰਪੋਰੇਟ ਦੀ ਗ਼ੁਲਾਮ ਬਣ ਕੇ ਰਹੇ | ਕੇਵਲ ਸਿੰਘ ਕੋਟ ਨੇ ਕਿਹਾ ਕਿ ਮੰਗ ਆਧਾਰਿਤ ਕਾਨੂੰਨੀ ਹੱਕ ਨੂੰ ਖ਼ਤਮ ਕਰਕੇ ਪੇਂਡੂ ਰੁਜ਼ਗਾਰ ਨੂੰ ਕੇਂਦਰ ਵਲੋਂ ਨਿਰਧਾਰਿਤ ਫ਼ੰਡ ਉੱਪਰ ਨਿਰਭਰ ਕਰ ਦਿੱਤਾ ਹੈ ਤੇ ਬਾਕੀ ਸਾਰੀ ਜ਼ਿੰਮੇਵਾਰੀ ਸੂਬਿਆਂ ਉੱਪਰ ਪਾਈ ਗਈ ਹੈ ਜਦਕਿ ਜੀ.ਐਸ.ਟੀ., ਆਮਦਨ ਕਰ, ਕਾਰਪੋਰੇਟ ਟੈਕਸ ਆਦਿ ਸਭ ਕੇਂਦਰ ਇਕੱਠਾ ਕਰਦੀ ਹੈ ਮਤਲਬ ਆਮਦਨ ਸਾਰੀ ਕੇਂਦਰ ਦੀ ਤੇ ਖਰਚਾ ਸੂਬੇ ਦਾ | ਨਵੇਂ ਕਾਨੂੰਨ ਮੁਤਾਬਿਕ ਜੀ ਰਾਮ ਜੀ ਦਾ ਹਾਲ ਕੇਂਦਰ ਦੀ ਆਯੁਸ਼ਮਾਨ ਸਕੀਮ ਵਰਗਾ ਹੋਵੇਗਾ ਜਿਸ 'ਚ ਮਸ਼ਹੂਰੀਆਂ 'ਚ ਐਲਾਨ ਕਰਨ ਖ਼ਾਤਰ ਤਾਂ ਹਰ ਇਕ ਦਾ ਬੀਮਾ ਹੈ ਪਰ ਕੇਂਦਰ ਵਲੋਂ ਨਿਰਧਾਰਿਤ ਫ਼ੰਡ ਮੁੱਕਣ ਮਗਰੋਂ ਇਲਾਜ ਦੀ ਗਾਰੰਟੀ ਮਸ਼ਹੂਰੀ ਤੱਕ ਹੀ ਰਹਿ ਜਾਂਦੀ ਹੈ, ਲੋਕਾਂ ਨੂੰ ਮਿਲਦੀ ਨਹੀਂ | ਉਨ੍ਹਾਂ ਕਿਹਾ ਕਿ 26 ਜਨਵਰੀ ਨੂੰ ਸੂਬਾ ਕਮੇਟੀ ਦੇ ਫ਼ੈਸਲੇ ਦੀ ਰੌਸ਼ਨੀ ਵਿਚ ਅਨਾਜ ਮੰਡੀ ਸਰਹੰਦ ਰੋਡ ਪਟਿਆਲਾ ਵਿਖੇ ਵਿਸ਼ਾਲ ਇਕੱਠ ਕੀਤਾ ਜਾ ਰਿਹਾ ਹੈ ਜਿਸ ਦੀ ਤਿਆਰੀ ਸੰਬੰਧੀ ਮੀਟਿੰਗ ਕੀਤੀ ਗਈ ਅਤੇ ਪਿੰਡਾਂ ਵਿਚ ਲਾਮਬੰਦੀ ਕਰਨ ਲਈ ਬਲਾਕ ਆਗੂਆਂ ਦੀ ਡਿਊਟੀ ਤੈਅ ਕੀਤੀ ਗਈ | ਇਸ ਮੌਕੇ ਹੋਰਨਾਂ ਤੋਂ ਇਲਾਵਾ ਸੋਨੀ ਸਿੰਘ ਮੋਹਲ ਗੁਆਰਾ, ਬਲਵਿੰਦਰ ਸਿੰਘ ਰੰਨੋ, ਜੀਤ ਸਿੰਘ ਕੱਲ੍ਹਾਮਾਜਰਾ, ਬਲਵਿੰਦਰ ਸਿੰਘ ਨੇ ਸ਼ਮੂਲੀਅਤ ਕੀਤੀ |