ਰਾਜਪੁਰਾ, 23 ਜਨਵਰੀ (ਜੀ.ਪੀ. ਸਿੰਘ)-ਪੰਜਾਬ ਸਰਕਾਰ ਵਲੋਂ ਚਲਾਈ ਗਈ ਮੁਹਿੰਮ ਆਪੇ੍ਰਸ਼ਨ ਪ੍ਰਹਾਰ ਦੇ ਤਹਿਤ ਥਾਣਾ ਸਦਰ ਦੀ ਪੁਲਿਸ ਨੇ ਵੱਖ-ਵੱਖ ਕੇਸਾਂ ਦੇ ਵਿਚ ਲੋੜੀਂਦੇ 6 ਗੈਂਗਸਟਰ ਤੇ ਭਗੌੜਿਆਂ ਨੂੰ ਗਿ੍ਫ਼ਤਾਰ ਕਰ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਥਾਣਾ ਸਦਰ ਦੀ ਮੁੱਖ ਅਫ਼ਸਰ ਥਾਣੇਦਾਰ ਦਵਿੰਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਪਟਿਆਲਾ ਵਰੁਣ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਸਰਕਾਰ ਵਲੋਂ ਜਿਵੇਂ ''ਯੁੱਧ ਨਸ਼ਿਆਂ ਵਿਰੁੱਧ'' ਮੁਹਿੰਮ ਚਲਾਈ ਹੋਈ ਹੈ ਉਸੇ ਲੜੀ ਵਿਚ ਪੰਜਾਬ ਵਿਚ ਮਾੜੇ ਅਨਸਰਾਂ ਗੈਂਗਸਟਰਾਂ ਸੰਬੰਧੀ ਆਪੇ੍ਰਸ਼ਨ ਪ੍ਰਹਾਰ ਚਲਾਇਆ ਗਿਆ ਹੈ | ਜਿਸ ਦੇ ਚੱਲਦਿਆਂ ਪੁਲਿਸ ਸਰਕਲ ਰਾਜਪੁਰਾ ਦੀਆਂ ਹਦਾਇਤਾਂ 'ਤੇ ਸਦਰ ਥਾਣੇ ਦੇ ਐੱਸ.ਐੱਚ.ਓ. ਥਾਣੇਦਾਰ ਦਵਿੰਦਰ ਸਿੰਘ ਨੇ ਵੱਖ-ਵੱਖ ਟੀਮਾਂ ਬਣਾ ਕੇ ਮੁਕੱਦਮਾ ਨੰਬਰ 8, 21 ਜਨਵਰੀ 2026 ਸਦਰ ਥਾਣਾ ਰਾਜਪੁਰਾ ਦੇ ਮੁਕੱਦਮੇ 'ਚ ਲੋੜੀਂਦੇ ਗੁਰਪ੍ਰੀਤ ਸਿੰਘ ਪੁੱਤਰ ਭਜਨ ਸਿੰਘ ਵਾਸੀ ਪਿੰਡ ਆਲਮਪੁਰ ਨੂੰ ਗਿ੍ਫ਼ਤਾਰ ਕੀਤਾ ਹੈ | ਇਸੇ ਤਰ੍ਹਾਂ ਥਾਣਾ ਸਦਰ ਕੇ ਮੁਕੱਦਮਾ ਨੰਬਰ-134, 13 ਦਸੰਬਰ 2025 'ਚ ਆਰਮ ਐਕਟ ਦੇ ਕੇਸ 'ਚ ਲੋੜੀਂਦੇ ਰਜਿੰਦਰ ਸਿੰਘ ਉਰਫ਼ ਰਾਜੂ ਅਤੇ ਉਸ ਦੇ ਪਿਤਾ ਸੁਰਜੀਤ ਸਿੰਘ ਨੂੰ ਗਿ੍ਫ਼ਤਾਰ ਕਰ ਲਿਆ | ਉਨ੍ਹਾਂ ਦੱਸਿਆ ਕਿ ਸਦਰ ਥਾਣਾ ਰਾਜਪੁਰਾ ਦੇ ਪੁਰਾਣੇ ਕੇਸ 302, 307 ਸਮੇਤ ਹੋਰ ਧਾਰਾਵਾਂ ਦੇ ਤਹਿਤ ਚੱਲ ਰਹੇ ਮੁਕੱਦਮਾ ਨੰਬਰ 16, 15 ਫਰਵਰੀ 2021 'ਚ ਭਗੌੜੇ 3 ਮੁਲਜ਼ਮ ਗੁਰਸੇਵਕ ਸਿੰਘ ਉਰਫ਼ ਸੇਬੀ ਵਾਸੀ ਪਿੰਡ ਸੁਰਲ ਖ਼ੁਰਦ, ਗੁਰਿੰਦਰ ਸਿੰਘ ਵਾਸੀ ਪਿੰਡ ਸੁਰਲ ਖ਼ੁਰਦ ਅਤੇ ਸੁਰਜੀਤ ਸਿੰਘ ਉਰਫ਼ ਕਾਕਾ ਨੂੰ ਗਿ੍ਫ਼ਤਾਰ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਉਨ੍ਹਾਂ ਦੱਸਿਆ ਕਿ ਜੋ ਗੈਂਗਸਟਰਾਂ ਦੇ ਕਰੀਬੀ ਹਨ ਜਾਂ ਉਨ੍ਹਾਂ ਨੂੰ ਪਨਾਹ ਦਿੰਦੇ ਹਨ ਉਨ੍ਹਾਂ ਨੂੰ ਵੀ ਟੈਕਨੀਕਲ ਤਰੀਕੇ ਨਾਲ ਟਰੇਸ ਕਰਕੇ ਉਨ੍ਹਾਂ ਦੇ ਵੱਖ-ਵੱਖ ਟਿਕਾਣਿਆਂ ਤੋਂ ਕਾਬੂ ਕਰ ਲਿਆ ਜਾਵੇਗਾ ਤਾਂ ਜੋ ਪੰਜਾਬ 'ਚ ਅਮਨ ਸ਼ਾਂਤੀ ਬਣੀ ਰਹੇ |