ਪਟਿਆਲਾ, 23 ਜਨਵਰੀ (ਧਰਮਿੰਦਰ ਸਿੰਘ ਸਿੱਧੂ)-ਸੂਬੇ 'ਚ ਪੈ ਰਹੀ ਕੜਾਕੇ ਦੀ ਪੈ ਰਹੀ ਠੰਢ ਅਤੇ ਧੁੰਦ ਦੇ ਚੱਲਦਿਆਂ ਅੱਜ ਬਸੰਤ ਪੰਚਮੀ ਦੇ ਦਿਨ 'ਤੇ ਸਾਲ ਦੇ ਪਹਿਲੇ ਭਰਵੇਂ ਮੀਂਹ ਨੇ ਪੂਰੇ ਸੂਬੇ ਦੇ ਕਈ ਜ਼ਿਲਿ੍ਹਆਂ ਨੂੰ ਜਲ ਥਲ ਕਰ ਦਿੱਤਾ | ਜ਼ਿਲ੍ਹਾ ਪਟਿਆਲਾ ਵਿਚ ਪਈ ਭਰਵੀਂ ਬਰਸਾਤ ਨੇ ਜਿਥੇ ਸ਼ਹਿਰ ਦੀਆਂ ਮੁੱਖ ਸੜਕਾਂ 'ਤੇ ਜਾਮ ਲਗਾ ਦਿੱਤੇ ਉੱਥੇ ਹੀ ਕਾਲੋਨੀਆਂ, ਗਲੀਆਂ ਵਿਚ ਬਰਸਾਤੀ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਲੋਕਾਂ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ | ਬੀਤੀ ਰਾਤ ਤੋਂ ਅੱਜ ਦੁਪਹਿਰ ਤੱਕ ਪੈ ਰਹੀ ਬਰਸਾਤ ਦੇ ਚੱਲਦਿਆਂ ਬਸੰਤ ਪੰਚਮੀ ਦੇ ਤਿਉਹਾਰ ਦੇ ਚਾਵਾਂ ਤੋਂ ਪਤੰਗਬਾਜ਼ੀ ਕਰਨ ਵਾਲੇ ਨੌਜਵਾਨ ਸੱਖਣੇ ਰਹੇ ਦੂਜੇ ਪਾਸੇ ਬਰਸਾਤ ਦਾ ਅਸਰ ਭੋਰਾ ਵੀ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਪਹੁੰਚਣ ਵਾਲੀ ਸੰਗਤ 'ਤੇ ਨਹੀਂ ਦੇਖਣ ਨੂੰ ਮਿਲਿਆ | ਵੱਡੀ ਗਿਣਤੀ ਸੰਗਤ ਵਲੋਂ ਹੁੰਮ ਹੁਮਾ ਕੇ ਵਰ੍ਹਦੇ ਮੀਂਹ ਵਿਚ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਇਆ ਗਿਆ | ਪ੍ਰੰਤੂ ਬਸੰਤ ਪੰਚਮੀ 'ਤੇ ਪਤੰਗਾਂ ਨੂੰ ਵੇਚਣ ਵਾਲੇ ਦੁਕਾਨਦਾਰਾਂ ਦੇ ਚਾਵਾਂ ਨੂੰ ਬੂਰ ਨਾ ਪਿਆ ਜਿਸ ਕਾਰਨ ਉਹ ਨਿਰਾਸ਼ ਨਜ਼ਰ ਆਏ | ਸ਼ਾਹੀ ਸ਼ਹਿਰ ਦੀ ਗੱਲ ਕਰੀਏ ਤਾਂ ਨੌਕਰੀਪੇਸ਼ਾ ਆਪਣੇ ਕੰਮਾਂ ਤੇ ਜਾਣ ਅਤੇ ਘਰਾਂ ਨੂੰ ਵਾਪਸ ਪਰਤਣ ਲਈ ਜਿਥੇ ਵੱਡੇ ਵੱਡੇ ਜਾਮਾਂ ਵਿਚ ਫਸੇ ਨਜ਼ਰ ਆਏ ਉੱਥੇ ਹੀ ਸ਼ਹਿਰ ਦੇ ਨਿਕਾਸੀ ਪ੍ਰਬੰਧਾਂ ਦੀ ਵੀ ਵੱਡੀ ਪੋਲ ਖੁੱਲ੍ਹੀ | ਹਾਲਾਤ ਇਹ ਬਣੇ ਰਹੇ ਕਿ ਕਈ ਥਾਵਾਂ ਉੱਤੇ ਲੋਕਾਂ ਦੀਆਂ ਗੱਡੀਆਂ ਫਸੀਆਂ ਨਜ਼ਰ ਆਈਆਂ ਜਿਨ੍ਹਾਂ ਕਾਰਨ ਜਾਮਾਂ ਵਿਚ ਹੋਰ ਇਜ਼ਾਫਾ ਹੋਇਆ | ਦੋਪਹੀਆ ਵਾਹਨ ਅੱਜ ਸ਼ਹਿਰ ਵਿਚ ਕਾਫੀ ਘੱਟ ਗਿਣਤੀ ਵਿਚ ਦਿਸੇ ਅਤੇ ਲੋਕਾਂ ਵਲੋਂ ਬਸੰਤ ਪੰਚਮੀ ਦੇ ਦਿਨ ਵੀ ਘਰ ਰਹਿਣ ਨੂੰ ਤਰਜੀਹ ਦਿੱਤੀ | ਅੱਜ ਦੇ ਦਿਨ ਪਈ ਬਰਸਾਤ ਕਾਰਨ ਰੁੱਖਾਂ ਤੇ ਪਈ ਧੂੜ ਅਤੇ ਖੇਤਾਂ ਵਿਚ ਕੋਹਰੇ ਦੀ ਮਾਰ ਝੱਲ ਰਹੀਆਂ ਫਸਲਾਂ ਨੂੰ ਨਿਜਾਤ ਮਿਲੀ | ਬੇਸ਼ੱਕ ਕਣਕ ਦੀ ਫ਼ਸਲ ਲਈ ਇਹ ਮੀਂਹ ਵਰਦਾਨ ਸਾਬਤ ਹੋਣਾ ਸੀ ਪ੍ਰੰਤੂ ਦੂਜੇ ਪਾਸੇ ਜ਼ਿਆਦਾ ਪਾਣੀ ਖੜਨ ਕਾਰਨ ਹੁਣ ਕਿਸਾਨ ਲਈ ਖੇਤਾਂ ਵਿਚੋਂ ਪਾਣੀ ਜ਼ਿਆਦਾ ਭਰ ਜਾਣਾ ਮੁਸੀਬਤ ਬਣ ਸਕਦਾ ਹੈ | ਕਈ ਥਾਵਾਂ 'ਤੇ ਆਲੂ, ਮਟਰ, ਟਮਾਟਰਾਂ ਦੀ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਇਸ ਬਰਸਾਤ ਨੇ ਭਾਰੀ ਚਿੰਤਾ ਵਿਚ ਪਾ ਦਿੱਤਾ ਕਿਉਂਕਿ ਜੇ ਸਮਾਂ ਰਹਿੰਦਿਆਂ ਖੇਤਾਂ ਵਿਚ ਬਰਸਾਤ ਕਾਰਨ ਖੜਿਆ ਪਾਣੀ ਨਾ ਕੱਢਿਆ ਗਿਆ ਤਾਂ ਕਿਸਾਨਾਂ ਦੀ ਉਕਤ ਫ਼ਸਲ ਨੁਕਸਾਨੇ ਜਾਣ ਦਾ ਵੱਡਾ ਖ਼ਤਰਾ ਬਣ ਜਾਵੇਗਾ | ਇਸ ਸਮੇਂ ਕੁਝ ਕਿਸਾਨ ਅਗੇਤੇ ਆਲੂ ਪੁੱਟ ਰਹੇ ਸਨ ਅਤੇ ਕੁਝ ਪੁੱਟਣ ਦੀ ਤਿਆਰੀ ਕਰ ਰਹੇ ਸਨ ਜਿਨ੍ਹਾਂ ਨੂੰ ਖੇਤਾਂ ਵਿਚੋਂ ਖੇਤਾਂ ਪੁੱਟਣਾ ਅਤੇ ਸਾਂਭਣਾ ਕਿਸਾਨਾਂ ਲਈ ਹੁਣ ਖੇਤਾਂ ਵਿਚ ਖੜੇ੍ਹ ਪਾਣੀ ਕਾਰਨ ਔਖਾ ਹੋ ਜਾਵੇਗਾ | ਜ਼ਿਲੇ੍ਹ ਦੇ ਕੁਝ ਹਿੱਸੇ ਵਿਚ ਟਮਾਟਰ ਦੀ ਖੇਤੀ ਵੱਡੇ ਪੱਧਰ 'ਤੇ ਕਰਨ ਵਾਲੇ ਕਿਸਾਨ ਆਪਣੀ ਫ਼ਸਲ ਨੂੰ ਪਾਣੀ ਵਿਚੋਂ ਬਚਾਉਣ ਲਈ ਤਰ੍ਹਾਂ ਤਰ੍ਹਾਂ ਦੇ ਉਪਰਾਲੇ ਕਰ ਰਹੇ ਹਨ | ਬੇਸ਼ੱਕ ਅੱਜ ਸ਼ਹਿਰ 'ਚ ਵੱਖ ਵੱਖ ਚੌਕਾਂ 'ਤੇ ਜਾਮ ਨਜ਼ਰ ਆਏ ਪ੍ਰੰਤੂ ਸ਼ਹਿਰ ਦੀ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਦੇ ਆਲੇ ਦੁਆਲੇ ਪੰਜਾਬ ਪੁਲਿਸ ਦੇ ਜਵਾਨ ਤਨਦੇਹੀ ਨਾਲ ਡਿਊਟੀ ਨਿਭਾਉਂਦੇ ਨਜ਼ਰ ਆਏ |