ਰਾਜਪੁਰਾ, 23 ਜਨਵਰੀ (ਜੀ.ਪੀ. ਸਿੰਘ)-ਬਹੁਤ ਦੇਰ ਤੋਂ ਉਡੀਕੀ ਜਾ ਰਹੀ ਬਰਸਾਤ ਆਖ਼ਰ ਦੇਰ ਰਾਤ ਤੋਂ ਰਾਜਪੁਰਾ ਖੇਤਰ 'ਚ ਪੈ ਹੀ ਗਈ | ਭਾਵੇਂ ਇਸ ਭਾਰੀ ਮੀਂਹ ਅਤੇ ਤੇਜ਼ ਹਵਾਵਾਂ ਨਾਲ ਰਾਜਪੁਰਾ ਖੇਤਰ ਜਲਥਲ ਹੋ ਗਿਆ ਤੇ ਕਈ ਸੜਕਾਂ, ਗਲੀਆਂ 'ਚ ਪਾਣੀ ਖੜ੍ਹਾ ਹੋ ਗਿਆ ਤੇ ਸੜਕਾਂ ਤੇ ਕਈ ਦਰਖ਼ਤ ਡਿੱਗ ਗਏ ਤੇ ਹਰ ਸੜਕ ਤੇ ਦਰਖ਼ਤਾਂ ਤੋਂ ਡਿੱਗੇ ਪੱਤਿਆਂ ਤੋਂ ਵਾਹਨ ਲੰਘਣ ਨਾਲ ਸੜਕਾਂ ਹਰੀਆਂ ਹੋ ਗਈਆਂ | ਪਰ ਕਣਕ ਦੀ ਫ਼ਸਲ ਲਈ ਇਹ ਬਰਸਾਤ ਬਹੁਤ ਲਾਹੇਵੰਦ ਸਾਬਤ ਹੋਵੇਗੀ | ਪਰ ਵਧੀਆ ਗੱਲ ਇਹ ਹੈ ਕਿ ਇਸ ਦੌਰਾਨ ਕੋਈ ਜਾਨੀ ਨੁਕਸਾਨ ਹੋਣ ਦਾ ਕੋਈ ਖ਼ਬਰ ਨਹੀਂ ਹੈ | ਜਾਣਕਾਰੀ ਅਨੁਸਾਰ ਦੇਰ ਰਾਤ ਤੋਂ ਰਾਜਪੁਰਾ ਖੇਤਰ ਵਿਚ ਹੋ ਰਹੀ ਬਰਸਾਤ ਅਤੇ ਤੇਜ ਹਵਾਵਾਂ ਕਾਰਨ ਠੰਢ ਤੋਂ ਬਚਣ ਲਈ ਲੋਕ ਘਰਾਂ ਵਿਚ ਦੁਬਕ ਕੇ ਬੈਠ ਗਏ | ਸੜਕਾਂ, ਗਲੀਆਂ ਸੁੰਨੀਆਂ ਸੁੰਨੀਆਂ ਨਜ਼ਰ ਆਈਆਂ | ਤੇਜ ਹਵਾਵਾਂ ਕਾਰਨ ਕਈ ਦਰਖ਼ਤ ਡਿੱਗ ਗਏ ਤੇ ਗਲੀਆਂ ਬਾਜ਼ਾਰਾਂ ਵਿਚ ਪਾਣੀ ਭਰ ਗਿਆ | ਸੜਕਾਂ 'ਤੇ ਤੇਜ਼ ਹਵਾਵਾਂ ਨਾਲ ਦਰੱਖ਼ਤਾਂ ਦੇ ਪੱਤੇ ਡਿੱਗਣ ਕਾਰਨ ਤੇ ਉਸ ਤੋਂ ਵਾਹਨ ਲੰਘਣ ਕਾਰਨ ਸੜਕਾਂ ਹਰੀਆਂ ਹੋ ਗਈਆਂ | ਇਸ ਦੌਰਾਨ ਕਿਸਾਨ ਗੁਰਪ੍ਰੀਤ ਸਿੰਘ ਜੰਡੋਲੀ ਨੇ ਦੱਸਿਆ ਕਿ ਇਹ ਮੀਂਹ 15 ਦਿਨ ਪਹਿਲਾਂ ਆਉਣਾ ਚਾਹੀਦਾ ਸੀ ਪਰ ਹੁਣ ਵੀ ਇਹ ਬਰਸਾਤ ਕਣਕ ਦੀ ਫ਼ਸਲ ਲਈ ਬਹੁਤ ਫ਼ਾਇਦੇਮੰਦ ਸਾਬਤ ਹੋਵੇਗੀ |