ਰਾਜਪੁਰਾ, 23 ਜਨਵਰੀ (ਰਣਜੀਤ ਸਿੰਘ)-ਹਲਕੇ ਵਿਚ ਸਵੇਰ ਤੋਂ ਹੋ ਰਹੀ ਬਾਰਸ਼ ਕਣਕ ਦੀ ਫ਼ਸਲ ਲਈ ਦੇਸੀ ਘਿਉ ਦਾ ਕੰਮ ਕਰੇਗੀ ਅਤੇ ਇਸ ਦੇ ਨਾਲ ਹੀ ਹੋਰ ਫਸਲਾਂ ਲਈ ਵੀ ਇਹ ਲਾਭਦਾਇਕ ਹੀ ਸਾਬਤ ਹੋਵੇਗੀ | ਹਰੀਆਂ ਸਬਜ਼ੀਆਂ ਅਤੇ ਆਲੂਆਂ ਦੀ ਫ਼ਸਲ ਲਈ ਵਿਸ਼ੇਸ਼ ਸਾਵਧਾਨੀ ਵਰਤਦਿਆਂ ਖੇਤਾਂ ਵਿਚ ਪਾਣੀ ਖੜਾ ਨਾ ਹੋਣ ਦਿਤਾ ਜਾਵੇ | ਇਸ ਬਾਰਸ਼ ਨਾਲ ਸਬਜ਼ੀਆਂ ਦੇ ਤੋੜਨ ਵਿਚ ਸਮੱਸਿਆ ਆ ਸਕਦੀ ਹੈ | ਜਾਣਕਾਰੀ ਮੁਤਾਬਿਕ ਸਵੇਰ ਤੋਂ ਰਹੀ ਭਰਵੀਂ ਬਾਰਸ਼ ਨੰੂ ਲੈ ਕੇ ਵੱਖ ਵੱਖ ਕਿਸਾਨਾਂ ਦੇ ਵੱਖ ਵੱਖ ਵਿਚਾਰ ਹਨ | ਕਈ ਕਿਸਾਨ ਇਸ ਫ਼ਸਲ ਨੂੰ ਹਾੜੀ ਦੀ ਫ਼ਸਲ ਲਈ ਇਕ ਤਰ੍ਹਾਂ ਦਾ ਟਾਨਿਕ ਮੰਨਦੇ ਹਨ ਜਦ ਕਿ ਕਈ ਕਿਸਾਨਾਂ ਦਾ ਕਹਿਣਾ ਹੈ ਕਿ ਆਲੂਆਂ ਅਤੇ ਹਰੀਆਂ ਸਬਜ਼ੀਆਂ ਨੂੰ ਲੈ ਕੇ ਵਿਸ਼ੇਸ਼ ਤੌਰ 'ਤੇ ਸਾਵਧਾਨੀ ਵਰਤਣੀ ਚਾਹੀਦੀ ਹੈ | ਕੁਦਰਤੀ ਬਾਰਸ਼ ਬਾਰੇ ਵਿਚ ਕਿਸਾਨਾਂ ਦਾ ਕਹਿਣਾ ਹੈ ਕਿ ਇਹ ਕਣਕ ਦੀ ਫ਼ਸਲ ਲਈ ਇਕ ਤਰ੍ਹਾਂ ਦਾ ਅੰਮਿ੍ਤ ਦੇ ਸਮਾਨ ਹੈ | ਇਹ ਬਾਰਸ਼ ਕਣਕ ਦੇ ਪੌਦੇ ਦੇ ਵਾਧੇ ਵਿਚ ਸਹਾਇਕ ਹੁੰਦੀ ਹੈ ਅਤੇ ਇਸ ਨਾਲ ਖਾਦ ਯੂਰੀਆ ਦਾ ਅਸਰ ਤੇਜ਼ੀ ਨਾਨ ਹੁੰਦਾ ਹੈ | ਇਸ ਬਾਰਸ਼ ਕਾਰਨ ਤਾਪਮਾਨ ਵਿਚ ਗਿਰਾਵਟ ਆਈ ਹੈ ਜਿਹੜੀ ਕਿ ਕਣਕ ਦੀ ਫ਼ਸਲ ਲਈ ਬਹੁਤ ਹੀ ਜ਼ਿਆਦਾ ਲਾਭਦਾਇਕ ਹੈ | ਘੱਟ ਤਾਪਮਾਨ ਕਣਕ ਦੇ ਫੁਟਾਰੇ ਵਿਚ ਮਦਦ ਕਰਦਾ ਹੈ | ਇਸ ਨਾਲ ਝਾੜ ਵੱਧ ਨਿਕਲਣ ਦੇ ਆਸਰ ਹਨ | ਬਾਰਸ਼ ਕਾਰਨ ਫਸਲਾਂ ਦੇ ਪੱਤਿਆਂ 'ਤੇ ਧੂੜ ਅਤੇ ਮਿੱਟੀ ਦੇ ਕਣ ਸਾਫ਼ ਹੋ ਜਾਂਦੇ ਹਨ | ਇਸ ਨਾਲ ਪ੍ਰਕਾਸ਼ ਸੰਸਲੇਸ਼ਣ ਵਧੀਆਂ ਢੰਗ ਨਾਲ ਹੁੰਦਾ ਹੈ | ਅੱਜ ਕੱਲ੍ਹ ਕਣਕ ਦੀ ਫ਼ਸਲ ਨੂੰ ਪਾਣੀ ਦੀ ਲੋੜ ਹੁੰਦੀ ਹੈ | ਕੁਦਰਤੀ ਬਾਰਸ਼ ਵਿਚ ਨਾਈਟੋ੍ਰਜਨ ਫ਼ਸਲ ਦੇ ਵਾਧੇ ਵਿਚ ਸਹਾਈ ਹੁੰਦੀ ਹੈ | ਇਹ ਬਾਰਸ਼ ਸਰੋਂ੍ਹ ਦੀ ਫ਼ਸਲ ਲਈ ਵੀ ਹਾਲ ਦੀ ਘੜੀ ਲਾਹੇਵੰਦ ਹੀ ਹੈ | ਜੇਕਰ ਸਰੋਂ੍ਹ ਫੁੱਲਾਂ ਦੇ ਹੈ ਤਾਂ ਲਗਾਤਾਰ ਬਾਰਸ਼ ਕਾਰਨ ਪਰਾਗਣ ਦੀ ਪ੍ਰਕਿਰਿਆ ਪ੍ਰਭਾਵਿਤ ਹੋ ਸਕਦੀ ਹੈ | ਇਸ ਕਾਰਨ ਤੇਲੇ ਦੇ ਹਮਲਾ ਵੱਧ ਜਾਂਦਾ ਹੈ | ਜੇਕਰ ਹਵਾ ਤੇਜ਼ ਚੱਲਦੀ ਹੈ ਤਾਂ ਸਰੋਂ੍ਹ ਦੀ ਫ਼ਸਲ ਡਿੱਗਣ ਦਾ ਖ਼ਤਰਾ ਹੋ ਸਕਦਾ ਹੈ | ਇਸ ਸੰਬੰਧੀ ਮਦਨ ਪੁਰ ਚਲਹੇੜੀ, ਘੜਾਮਾਂ, ਸੂਰਜਗੜ, ਮੋਹੀ, ਸ਼ੰਭੂ ਅਤੇ ਹੋਰਨਾਂ ਪਿੰਡਾਂ ਦੇ ਦਰਜਣਾਂ ਹੀ ਕਿਸਾਨਾਂ ਦਾ ਕਹਿਣਾ ਹੈ ਕਿ ਹਾਲ ਦੀ ਘੜੀ ਬਾਰਸ਼ ਆਲੁੂਆਂ ਲਈ ਜਿਆਦਾ ਨੁਕਸਾਨਦੇਹ ਨਹੀ ਹੈ | ਕਈ ਕਿਸਾਨਾਂ ਦਾ ਕਹਿਣਾ ਹੈ ਕਿ ਪਛੇਤੇ ਝੁਲਸ ਰੋਗ ਤਾ ਸੁਚੇਤ ਰਹਿਣ ਦੀ ਲੋੜ ਹੈ | ਕਿਸਾਨਾਂ ਦਾ ਕਹਿਣਾ ਹੈ ਕਿ ਬੱਦਲਵਾਈ ਵਾਲੇ ਮੌਸਮ ਵਿਚ ਇਹ ਬੀਮਾਰੀ ਕਾਫੀ ਤੇਜੀ ਨਾਲ ਫੈਲ ਸਕਦੀ ਹੈ | ਕਿਸਾਨਾਂ ਦਾ ਕਹਿਣਾ ਹੈ ਕਿ ਇਸ ਬਾਰਸ਼ ਕਾਰਨ ਹਰੀਆਂ ਸਬਜੀਆਂ ਨੂੰ ਤੋੜਨ ਵਿਚ ਦਿੱਕਤਾਂ ਆ ਸਕਦੀਆਂ ਹਨ ਅਤੇ ਜੇਕਰ ਹਰੀਆਂ ਸਬਜੀਆਂ ਵਿਚ ਪਾਣੀ ਖੜਦਾ ਹੈ ਤਾਂ ਉਹ ਖੜਾ ਨਾ ਹੋਣ ਦਿੱਤਾ ਜਾਵੇ ਕਿਉਕਿ ਹਰੀਆਂ ਸਬਜੀਆਂ ਦੀਆਂ ਜੜ੍ਹਾਂ ਗਲ ਸਕਦੀਆਂ ਹਨ | ਇਸ ਸੰਬੰਧੀ ਮੁੱਖ ਖੇਤੀਬਾੜੀ ਅਫਸਰ ਡਾ. ਜਸਵਿੰਦਰ ਸਿੰਘ ਨੇ ਸੰਪਰਕ ਕਰਨ 'ਤੇ ਦੱਸਿਆ ਕਿ ਹਾਲ ਦੀ ਘੜੀ ਇਹ ਬਾਰਸ਼ ਫਸਲਾਂ ਲਈ ਲਾਹੇਵੰਦ ਹੈ | ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਜਿਆਦਾ ਬਾਰਸ਼ ਨਹੀ ਹੁੰਦੀ ਤਾਂ ਇਹ ਬਾਰਸ਼ ਹਾੜੀ ਦੀ ਫਸਲ ਲਈ ਲਾਹੇਵੰਤ ਸਾਬਤ ਹੋਵੇਗੀ |