ਰਾਜਪੁਰਾ, 24 ਜਨਵਰੀ (ਰਣਜੀਤ ਸਿੰਘ)-ਨਗਰ ਕੌਂਸਲ ਦੀਆਂ ਹੋਣ ਜਾ ਰਹੀਆਂ ਅਗਾਮੀ ਚੋਣਾਂ ਤੋਂ ਪਹਿਲਾਂ ਨਵੀ ਵਾਰਡਬੰਦੀ ਬਣਾਉਣ ਲਈ ਲਾਇਆ ਗਿਆ ਬਾਰੀਕ ਝਾਰਨਾ ਇਕ ਤਰ੍ਹਾਂ ਨਾਲ ਸਿਆਸੀ ਸਾਜਿਸ਼ ਹੈ ਅਤੇ ਕਾਂਗਰਸ ਪਾਰਟੀ ਦੇ ਗੜ ਮੰਨੇ ਜਾਂਦੇ ਇਲਾਕਿਆਂ ਦੀ ਭਗੋਲਿਕ ਸਥਿਤੀ ਜਾਣ ਬੁਝ ਕੇ ਵਿਗਾੜੀ ਜਾ ਰਹੀ ਹੈ | ਇਸ ਵਿਸ਼ੇ ਵਿਚ ਨਿਯਮਾਂ ਨੂੰ ਸ਼ਰੇਆਮ ਛਿੱਕੇ ਟੰਗਿਆ ਗਿਆ ਹੈ ਅਤੇ ਕਾਂਗਰਸ ਪਾਰਟੀ ਨਾਲ ਸੰਬੰਧਤ ਅਤੇ ਉੱਘੇ ਕੌਂਸਲਰ ਅਰਮ ਸਿੰਘ ਪਾਸੀ ਅਤੇ ਸਮਾਜ ਸੇਵੀ ਪਵਨ ਕੁਮਾਰ ਪਿੰਕਾ ਨੇ ਮਾਣਯੋਗ ਪੰਜਾਬ ਐਡ ਹਾਈ ਕੋਰਟ ਦਾ ਦਰਵਾਜਾ ਖੜਕਾਇਆ ਹੈ ਜਿਸ ਦੀ ਸੁਣਵਾਈ 28 ਜਨਵਰੀ ਨੂੰ ਰੱਖੀ ਗਈ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਨਗਰ ਕੌਂਸਲ ਦੇ ਪ੍ਰਧਾਨ ਨਰਿੰਦਰ ਸ਼ਾਸਤਰੀ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕੀਤਾ | ਉਨ੍ਹਾਂ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸ਼ਹਿਰ ਵਿਚ ਜਾਰੀ ਕੀਤੀ ਗਈ ਨਵੀ ਵਾਰਡਬੰਦੀ ਕਾਰਨ ਸਿਆਸੀ ਪਾਰਾ ਇਕ ਦਮ ਉਤੇ ਚੜ੍ਹ ਗਿਆ ਹੈ | ਉਨ੍ਹਾਂ ਨੇ ਦੋਸ਼ ਲਾਇਆ ਕਿ ਨਵੀਂ ਵਾਰਡਬੰਦੀ ਮੌਕੇ ਸ਼ਰੇਆਮ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਗਈਆਂ ਹਨ | ਕਾਨੂੰਨਾਂ ਨੂੰ ਛਿੱਕੇ ਟੰਗ ਨੇ ਵਾਰਡਾਂ ਦੀ ਅਬਾਦੀ ਦਾ ਸਤੁੰਲਨ ਵਿਗਾੜ ਕੇ ਰੱਖ ਦਿਤਾ ਹੈ | ਸ਼ਾਸਤਰੀ ਨੇ ਅੱਗੇ ਦੱ ਸਿਆ ਕਿ 17 ਕੌਂਸਲਰਾਂ ਨੇ ਮਤਾ ਪਾਇਆ ਸੀ ਕਿ ਨਵੀਂ ਵਾਰਡਬੰਦੀ ਦੀ ਕੋਈ ਵੀ ਲੋੜ ਨਹੀਂ ਹੈ | ਉਨ੍ਹਾਂ ਨੇ ਕਿਹਾ ਸੀ ਕਿ ਨਾ ਤੇ ਸ਼ਹਿਰ ਦੀ ਹੱਦ ਵਧੀ ਅਤੇ ਨਾ ਹੀ ਆਬਾਦੀ ਵਧੀ ਹੈ | ਉਨ੍ਹਾਂ ਨੇ ਦੋਸ਼ ਲਾਇਆ ਕਿ ਆਊਟਸੋਰਸ ਮੁਲਾਜਮਾਂ ਕੋਲੋਂ ਵਾਰਡਬੰਦੀ ਦਾ ਸਰਵੇ ਕਰਵਾਇਆ ਗਿਆ | ਹੁਣ ਨਵੀਂ ਵਾਰਡਬੰਦੀ ਮੁਤਾਬਕ ਕਿਸੇ ਵਾਰਡ ਦੀਆਂ ਵੋਟਾਂ ਦੋ ਹਜਾਰ ਹੈ ਕਿ ਕਿਤੇ ਚਾਰ ਹਜਾਰ ਹਨ | ਉਨ੍ਹਾਂ ਨੇ ਇਹ ਵੀ ਦੋਸ਼ ਲਾਇਆ ਕਿ ਪ੍ਰਧਾਨ ਹੋਣ ਦੇ ਬਾਵਜੂਦ ਵੀ ਉਨ੍ਹਾਂ ਨੂੰ ਵਾਰ ਵਾਰ ਮੰਗਣ 'ਤੇ ਨਵੀਂ ਵਾਰਡਬੰਦੀ ਦੇ ਨਕਸ਼ੇ ਤੱਕ ਨਹੀਂ ਦਿੱਤੇ ਗਏ | ਪ੍ਰਧਾਨ ਸ਼ਾਸ਼ਤਰੀ ਦਾ ਕਹਿਣਾ ਹੇੈ ਕਿ ਨਵੀ ਵਾਰਡਬੰਦੀ ਦੀ ਪਿੱਚ ਆਪਣੇ ਚਹੇਤਿਆਂ ਨੂੰ ਚੌਕੇ ਛਿੱਕੇ ਮਾਰਨ ਲਈ ਸਜਾਈ ਗਈ ਹੈ | ਉਨ੍ਹਾਂ ਨੇ ਕਿਹਾ ਕਿ ਅਦਾਲਤ 'ਤੇ ਪੁੂਰਾ ਭਰੋਸਾ ਅਤੇ ਸੱਤਾਧਾਰੀ ਧਿਰ ਦੀਆਂ ਵਿਕਟਾਂ ਪੁੱਟ ਕੇ ਸੁੱਟਣ ਤੱਕ ਵਿਰੋਧ ਜਾਰੀ ਰਹੇਗਾ |