19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਪਟਿਆਲੇ ਦੀਆਂ ਸਮੱਸਿਆਵਾਂ ਦਾ ਹੱਲ ਤੇ ਵਿਰਾਸਤ ਦੀ ਸੰਭਾਲ ਮੇਰੀ ਪਹਿਲ-ਡਿਪਟੀ ਕਮਿਸ਼ਨਰ ਵਰਜੀਤ ਸਿੰਘ ਵਾਲੀਆ

Ad Position 21
No active advertisement
ਅਜੀਤ ਡੈਸਕ 25-01-2026
ਪਟਿਆਲਾ, 24 ਜਨਵਰੀ (ਗੁਰਪ੍ਰੀਤ ਸਿੰਘ ਚੱਠਾ)-ਪਟਿਆਲਾ 'ਚ ਨਵੇਂ ਤਾਇਨਾਤ ਹੋਏ ਡਿਪਟੀ ਕਮਿਸ਼ਨਰ ਵਰਜੀਤ ਸਿੰਘ ਵਾਲੀਆ ਨੇ ਸਥਾਨਕ ਮੀਡੀਆ ਨਾਲ ਗੈਰ-ਰਸਮੀ ਮੁਲਾਕਾਤ ਕਰਕੇ ਸਹਿਰ ਦੀਆਂ ਅਹਿਮ ਸਮੱਸਿਆਵਾਂ ਅਤੇ ਵਿਕਾਸ ਸੰਬੰਧੀ ਵਿਚਾਰ ਸਾਂਝੇ ਕੀਤੇ | ਇਸ ਮੌਕੇ ਉਨ੍ਹਾਂ ਨੇ ਪੱਤਰਕਾਰਾਂ ਨਾਲ ਜਾਣ-ਪਛਾਣ ਕਰਨ ਦੇ ਨਾਲ-ਨਾਲ ਸ਼ਹਿਰ ਨੂੰ ਦਰਪੇਸ਼ ਮੁੱਖ ਚੁਣੌਤੀਆਂ ਬਾਰੇ ਵੀ ਰਾਏ ਲਈ | ਮੀਡੀਆ ਵਲੋਂ ਡਿਪਟੀ ਕਮਿਸ਼ਨਰ ਨੂੰ ਦੱਸਿਆ ਗਿਆ ਕਿ ਪਟਿਆਲਾ ਦੀ ਸਭ ਤੋਂ ਵੱਡੀ ਸਮੱਸਿਆ ਸ਼ਹਿਰ 'ਚ ਬੇਤਰਤੀਬ ਆਵਾਜਾਈ ਹੈ, ਜਿਸ ਤੋਂ ਬਾਅਦ ਪਾਣੀ ਦੀ ਨਿਕਾਸੀ, ਟੁੱਟੀਆਂ ਸੜਕਾਂ ਅਤੇ ਬਿਨਾਂ ਕਿਸੇ ਨਿਗਰਾਨੀ ਦੇ ਘੁੰਮ ਰਹੇ ਆਟੋ ਰਿਕਸ਼ਾ ਆਦਿ ਵੱਡੀਆਂ ਮੁਸ਼ਕਲਾਂ ਬਣੀਆਂ ਹੋਈਆਂ ਹਨ | ਪੱਤਰਕਾਰਾਂ ਨੇ ਕਿਹਾ ਕਿ ਇਨ੍ਹਾਂ ਸਮੱਸਿਆਵਾਂ ਕਾਰਨ ਆਮ ਲੋਕਾਂ ਦੇ ਨਾਲ-ਨਾਲ ਸ਼ਹਿਰ 'ਚ ਆਉਣ ਵਾਲੇ ਸੈਲਾਨੀ ਵੀ ਪ੍ਰਭਾਵਿਤ ਹੋ ਰਹੇ ਹਨ | ਇਸ ਮੌਕੇ ਪੱਤਰਕਾਰਾਂ ਵਲੋਂ ਡਿਪਟੀ ਕਮਿਸ਼ਨਰ ਨੂੰ ਪਟਿਆਲਾ ਨੂੰ ਹੋਰ ਸੁੰਦਰ ਅਤੇ ਆਕਰਸ਼ਕ ਬਣਾਉਣ ਲਈ ਕਈ ਮਹੱਤਵਪੂਰਨ ਸੁਝਾਅ ਵੀ ਦਿੱਤੇ ਗਏ | ਉਨ੍ਹਾਂ ਨੂੰ ਦੱਸਿਆ ਗਿਆ ਕਿ ਪਟਿਆਲਾ ਇਕ ਵਿਲੱਖਣ ਵਿਰਾਸਤੀ ਸ਼ਹਿਰ ਹੈ, ਜਿਸ ਦੀ ਪਹਿਚਾਣ ਸਿਰਫ ਪੰਜਾਬ ਹੀ ਨਹੀਂ ਸਗੋਂ ਪੂਰੀ ਦੁਨੀਆ 'ਚ ਹੈ | ਇਸ ਲਈ ਸ਼ਹਿਰ ਨੂੰ ਸੈਲਾਨੀ ਕੇਂਦਰ ਵਜੋਂ ਹੋਰ ਵਿਕਸਿਤ ਕਰਨਾ ਸਮੇਂ ਦੀ ਲੋੜ ਹੈ | ਮੀਡੀਆ ਵਲੋਂ ਖ਼ਾਸ ਤੌਰ 'ਤੇ ਰਾਜਿੰਦਰਾ ਝੀਲ, ਸ਼ੀਸ਼ ਮਹਿਲ, ਕਿਲਾ ਮੁਬਾਰਕ ਸਮੇਤ ਹੋਰ ਇਤਿਹਾਸਿਕ ਤੇ ਵਿਰਾਸਤੀ ਥਾਵਾਂ ਦੇ ਵਿਕਾਸ ਅਤੇ ਸੰਭਾਲ ਲਈ ਧਿਆਨ ਦੇਣ ਦੀ ਮੰਗ ਕੀਤੀ ਗਈ | ਪੱਤਰਕਾਰਾਂ ਨੇ ਕਿਹਾ ਕਿ ਇਨ੍ਹਾਂ ਥਾਵਾਂ ਨੂੰ ਹੋਰ ਸੁਧਾਰ ਕੇ ਪਟਿਆਲਾ ਨੂੰ ਸੈਲਾਨੀ ਨਕਸ਼ੇ 'ਤੇ ਮਜ਼ਬੂਤੀ ਨਾਲ ਉਭਾਰਿਆ ਜਾ ਸਕਦਾ ਹੈ | ਡਿਪਟੀ ਕਮਿਸ਼ਨਰ ਵਰਜੀਤ ਸਿੰਘ ਵਾਲੀਆ ਨੇ ਮੀਡੀਆ ਵਲੋਂ ਦਿੱਤੇ ਗਏ ਸੁਝਾਅ ਅਤੇ ਰਾਏ ਲਈ ਧੰਨਵਾਦ ਕਰਦਿਆਂ ਕਿਹਾ ਕਿ ਸ਼ਹਿਰ ਵਾਸੀਆਂ ਦੀ ਬਿਹਤਰੀ ਅਤੇ ਕੁਸ਼ਲ ਪ੍ਰਸ਼ਾਸਨ ਉਨ੍ਹਾਂ ਦੀ ਪ੍ਰਾਥਮਿਕਤਾ ਰਹੇਗੀ | ਉਨ੍ਹਾਂ ਆਖਿਆ ਕਿ ਸਹਿਰ ਦੀਆਂ ਮੁੱਖ ਸਮੱਸਿਆਵਾਂ ਦਾ ਹੱਲ ਕੱਢਣ ਦੇ ਨਾਲ ਨਾਲ ਪਟਿਆਲਾ ਦੀ ਵਿਰਾਸਤ ਨੂੰ ਸੰਭਾਲਣਾ ਅਤੇ ਇਸ ਨੂੰ ਹੋਰ ਨਿਖਾਰਨਾ ਉਨ੍ਹਾਂ ਦੇ ਏਜੰਡੇ 'ਚ ਸ਼ਾਮਲ ਹੈ | ਉਨ੍ਹਾਂ ਕਿਹਾ ਕਿ ਮੀਡੀਆ ਲੋਕਾਂ ਅਤੇ ਪ੍ਰਸ਼ਾਸਨ ਦਰਮਿਆਨ ਇਕ ਮਜ਼ਬੂਤ ਪੁਲ ਹੈ ਅਤੇ ਸ਼ਹਿਰ ਦੇ ਵਿਕਾਸ ਲਈ ਮੀਡੀਆ ਵਲੋਂ ਮਿਲਣ ਵਾਲੀ ਰਾਏ ਬੇਹੱਦ ਅਹਿਮ ਭੂਮਿਕਾ ਨਿਭਾਏਗੀ | ਡਿਪਟੀ ਕਮਿਸ਼ਨਰ ਨੇ ਭਰੋਸਾ ਦਿਵਾਇਆ ਕਿ ਉਹ ਹਮੇਸ਼ਾ ਮੀਡੀਆ ਨਾਲ ਭਰਾਤਰੀ ਭਾਵ ਨਾਲ ਮਿਲ ਕੇ ਪਟਿਆਲੇ ਦੇ ਬਹੁਪੱਖੀ ਵਿਕਾਸ ਲਈ ਵੱਧ-ਚੜ੍ਹ ਕੇ ਕੰਮ ਕਰਨਗੇ | ਇਸ ਮੌਕੇ ਮਿੰਨੀ ਸਕੱਤਰੇਤ ਵਿਖੇ ਕਮੇਟੀ ਹਾਲ 'ਚ ਵਧੀਕ ਡਿਪਟੀ ਕਮਿਸ਼ਨਰ ਇਸਮਤ ਵਿਜੈ ਸਿੰਘ, ਸਤੀਸ਼ ਚੰਦਰ, ਡੀ.ਪੀ.ਆਰ.ਓ. ਭੁਪੇਸ਼ ਚੱਠਾ ਅਤੇ ਏ.ਪੀ.ਆਰ.ਓ. ਹਰਦੀਪ ਸਿੰਘ ਤੇ ਹੋਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਚਾਈਨਾ ਡੋਰ ਨਾਲ ਜਾ ਰਹੀਆਂ ਕੀਮਤੀ ਜਾਨਾਂ ਵਿਭਾਗ ਦੀ ਨਾਕਾਮੀ ਦਾ ਸਬੂਤ-ਰਾਜਿੰਦਰ ਸਿੰਘ ਵਿਰਕ ਅਗਲੀ ਖ਼ਬਰ 31 ਨੂੰ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਜ਼ਿਲ੍ਹਾ ਪਟਿਆਲਾ ਦੀ ਹੋਵੇਗੀ ਵਿਸ਼ਾਲ ਮੀਟਿੰਗ -ਰੱਖੜਾ, ਚੰਦੂਮਾਜਰਾ
Ad Position 24