ਰਾਜਪੁਰਾ, 24 ਜਨਵਰੀ (ਜੀ.ਪੀ. ਸਿੰਘ)-ਲੰਘੇ ਦਿਨੀਂ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਛੱਡ ਕੇ ਭਾਰਤੀ ਜਨਤਾ ਪਾਰਟੀ 'ਚ ਸ਼ਾਮਲ ਹੋਣ ਵਾਲੇ ਚਰਨਜੀਤ ਸਿੰਘ ਬਰਾੜ ਦੇ ਰਾਜਪੁਰਾ ਪਹੁੰਚਣ 'ਤੇ ਭਾਜਪਾ ਹਲਕਾ ਇੰਚਾਰਜ ਜਗਦੀਸ਼ ਕੁਮਾਰ ਜੱਗਾ ਵਲੋਂ ਫੁੱਲਾਂ ਦੇ ਗੁਲਦਸਤੇ ਅਤੇ ਸਿਰੋਪਾਉ ਪਾ ਕੇ ਭਰਵਾਂ ਸਵਾਗਤ ਕੀਤਾ ਗਿਆ | ਇਸ ਦੌਰਾਨ ਗੱਲਬਾਤ ਕਰਦਿਆਂ ਚਰਨਜੀਤ ਸਿੰਘ ਬਰਾੜ ਨੇ ਹਲਕਾ ਰਾਜਪੁਰਾ ਦੇ ਇੰਚਾਰਜ ਜਗਦੀਸ਼ ਕੁਮਾਰ ਜੱਗਾ ਅਤੇ ਉਨ੍ਹਾਂ ਦੀ ਟੀਮ ਦਾ ਦਿੱਤੇ ਗਏ ਮਾਨ ਸਨਮਾਨ ਬਦਲੇ ਧੰਨਵਾਦ ਕਰਦੇ ਹੋਏ ਕਿਹਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਦੌਰਾਨ ਭਾਰਤੀ ਜਨਤਾ ਪਾਰਟੀ ਪੰਜਾਬ 'ਚ ਆਪਣੀ ਸਰਕਾਰ ਬਣਾਵੇਗੀ ਅਤੇ ਰਾਜਪੁਰਾ ਹਲਕੇ ਦੀ ਭਾਜਪਾ ਕੋਟੇ ਦੀ ਪਹਿਲੀ ਸੀਟ ਹੋਵੇਗੀ ਜਿੱਥੇ ਭਾਰਤੀ ਜਨਤਾ ਪਾਰਟੀ ਸਭ ਤੋਂ ਵੱਡੀ ਲੀਡ ਨਾਲ ਜਿੱਤ ਹਾਸਿਲ ਕਰੇਗੀ | ਉਨ੍ਹਾਂ ਕਿਹਾ ਕਿ ਭਾਜਪਾਈ ਇਕ ਬਹੁਤ ਹੀ ਅਨੁਸ਼ਾਸਨ ਵਾਲੀ ਪਾਰਟੀ ਹੈ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਇਲਾਵਾ ਸਮੁੱਚੀ ਭਾਜਪਾ ਲੀਡਰਸ਼ਿਪ ਵਲੋਂ ਪੰਜਾਬ ਸੂਬੇ ਅੰਦਰ 2027 ਦੌਰਾਨ ਇਕੱਲਿਆਂ ਚੋਣਾਂ ਲੜ ਕੇ ਭਾਜਪਾ ਦੀ ਸਰਕਾਰ ਬਣਾਉਣ ਦਾ ਮਨ ਬਣਾ ਲਿਆ ਹੈ | ਉਨ੍ਹਾਂ ਕਿਹਾ ਕਿ ਗਵਾਂਢੀ ਹਰਿਆਣਾ ਸੂਬੇ ਅੰਦਰ ਸਰਕਾਰੀ ਮੁਲਾਜ਼ਮਾਂ ਨੂੰ ਕੇਂਦਰ ਦੀ ਤਰਜ਼ 'ਤੇ ਅੱਠਵਾਂ-ਪੇ ਕਮਿਸ਼ਨ ਵੀ ਦੇਣ ਦੀ ਪ੍ਰਵਾਨਗੀ ਦਿੱਤੀ ਜਾ ਚੁੱਕੀ ਹੈ | ਦੂਜੇ ਪਾਸੇ ਪੰਜਾਬ ਸੂਬੇ ਅੰਦਰ ਮੁਲਾਜ਼ਮਾਂ ਨੂੰ ਛੇਵੇਂ ਅਤੇ ਸੱਤਵੇਂ ਪੇ-ਕਮਿਸ਼ਨ ਮੁਤਾਬਿਕ ਤਨਖ਼ਾਹ ਤਾਂ ਕੀ ਦੇਣੀ ਸੀ ਸਗੋਂ ਉਨ੍ਹਾਂ ਦਾ ਡੀ.ਏ. ਦਾ ਬਣਦਾ ਬਕਾਇਆ ਤੱਕ ਨਹੀਂ ਦਿੱਤਾ ਜਾ ਸਕਿਆ | ਇਹ ਤਾਂ ਹੀ ਸਿੱਧ ਹੋ ਸਕਿਆ ਹੈ ਕਿ ਹਰਿਆਣਾ ਸੂਬੇ ਅਤੇ ਕੇਂਦਰ 'ਚ ਭਾਜਪਾ ਭਾਵ ਡਬਲ ਇੰਜਨ ਦੀ ਸਰਕਾਰ ਹੈ | ਇਸ ਮੌਕੇ ਜਗਦੀਸ਼ ਜੱਗਾ ਨੇ ਕਿਹਾ ਕਿ ਪਹਿਲਾਂ ਹਲਕਾ ਰਾਜਪੁਰਾ ਦੇ ਅੰਦਰ ਆਪਣੇ ਪਾਰਟੀ ਅਹੁਦੇਦਾਰਾਂ ਤੇ ਵਰਕਰਾਂ ਦੇ ਨਾਲ ਕੇਂਦਰ ਸਰਕਾਰ ਦੀਆਂ ਨੀਤੀਆਂ ਦੇ ਸੰਬੰਧ 'ਚ ਜਾਣੂ ਕਰਵਾ ਰਹੇ ਸਨ ਪਰ ਹੁਣ ਚਰਨਜੀਤ ਸਿੰਘ ਬਰਾੜ ਦੇ ਭਾਜਪਾ 'ਚ ਸ਼ਾਮਿਲ ਹੋਣ ਦੇ ਨਾਲ ਇਕ ਜਮਾ ਇਕ 11 ਹੋ ਗਏ ਹਨ | ਉਨ੍ਹਾਂ ਦਾਅਵਾ ਕੀਤਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ ਪੰਜਾਬ ਸੂਬੇ ਅੰਦਰ ਇਕੱਲਿਆਂ ਚੋਣਾਂ ਲੜ ਕੇ ਸ਼ਾਨਦਾਰ ਜਿੱਤ ਪ੍ਰਾਪਤ ਕਰਕੇ ਭਾਜਪਾ ਪਾਰਟੀ ਦੀ ਸਰਕਾਰ ਬਣਾਵੇਗੀ ਅਤੇ ਇਤਿਹਾਸ ਸਿਰਜੇਗੀ | ਇਸ ਮੌਕੇ ਭਾਜਪਾ ਜ਼ਿਲ੍ਹਾ ਜਨਰਲ ਸਕੱਤਰ ਪ੍ਰਦੀਪ ਨੰਦਾ, ਐਡਵੋਕੇਟ ਇਕਬਾਲ ਸਿੰਘ ਕੰਬੋਜ, ਸ਼ਾਂਤੀ ਸਪਰਾ, ਦਲਵੀਰ ਸਿੰਘ ਭੰਗੂ, ਨਰਿੰਦਰ ਪਟਿਆਲਾ, ਦਿਨੇਸ਼ ਮਹਿਤਾ, ਜਗਦੀਪ ਸਿੰਘ ਜੱਗੀ ਸਮੇਤ ਭਾਜਪਾ ਪਾਰਟੀ ਅਹੁਦੇਦਾਰ ਅਤੇ ਵਰਕਰ ਹਾਜ਼ਰ ਸਨ |