ਪਟਿਆਲਾ, 23 ਫਰਵਰੀ (ਅਮਰਬੀਰ ਸਿੰਘ ਆਹਲੂਵਾਲੀਆ)-ਨਗਰ ਨਿਗਮ ਦੀ ਹਦੂਦ ਵਿਚਲੇ 60 ਵਾਰਡਾਂ ਅੰਦਰ 50 ਹਜ਼ਾਰ ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਖਪਤਕਾਰਾਂ 'ਚ ਬਿੱਲਾਂ ਦੀ ਪਹੁੰਚ ਨੂੰ ਲੈ ਕੇ ਸਥਿਤੀ ਭੰਬਲਭੂਸੇ ਵਾਲੀ ਬਣ ਚੁੱਕੀ ਹੈ | ਪੰਜਾਹ ਹਜ਼ਾਰ ਪਾਣੀ ਅਤੇ ਸੀਵਰੇਜ ਦੇ ਕੁਨੈਕਸ਼ਨਾਂ ਤੋਂ ਇਲਾਵਾ 25 ਹਜ਼ਾਰ ਉਹ ਸੀਵਰੇਜ ਤੇ ਪਾਣੀ ਦੇ ਕੁਨੈਕਸ਼ਨ ਹਨ ਜੋ ਮੁਆਫ਼ੀ ਦੀ ਸੁਵਿਧਾ ਲੈ ਰਹੇ ਹਨ | ਮੌਜੂਦਾ ਸਮੇਂ 6 ਮਹੀਨੇ ਤੋਂ ਲੈ ਕੇ 10 ਮਹੀਨਿਆਂ ਬਾਅਦ ਇਨ੍ਹਾਂ ਬਿੱਲਾਂ ਦਾ ਖਪਤਕਾਰਾਂ ਤਕ ਪਹੁੰਚਣਾ ਜਿਸ ਦਾ ਮੁੱਖ ਕਾਰਨ ਦੱਸਿਆ ਗਿਆ | ਲੋਕਾਂ ਮੁਤਾਬਿਕ ਜਿਹੜੇ ਬਿਲ 2 ਮਹੀਨੇ 'ਚ ਆਉਂਦੇ ਸਨ ਉਹ 8-8 ਮਹੀਨੇ ਬਾਅਦ ਪਹੁੰਚ ਰਹੇ ਹਨ ਜਿਸ ਵਿਚਲੀ ਰਕਮ ਦੇਣੀ ਆਮ ਲੋਕਾਂ ਦੇ ਵੱਸ ਦੀ ਗੱਲ ਨਹੀਂ | ਲੋਕਾਂ ਦੀ ਮੰਗ ਸੀ ਕਿ ਇਸ ਤਰ੍ਹਾਂ ਬਿੱਲਾਂ ਦੀ ਪਹੁੰਚ ਕਰਨ ਦਾ ਖ਼ਮਿਆਜ਼ਾ ਆਮ ਉਪਭੋਗਤਾ ਨੂੰ ਨਹੀਂ ਪਹੁੰਚਣਾ ਚਾਹੀਦਾ ਜਿਸ ਲਈ ਕਿਤੇ ਨਾ ਕਿਤੇ ਨਿਗਮ ਪ੍ਰਸ਼ਾਸਨ ਜ਼ਿੰਮੇਵਾਰ ਹੈ | ਦੂਸਰੇ ਪਾਸੇ ਨਿਗਮ ਵਿਚਲੇ ਸੂਤਰ ਦੱਸਦੇ ਹਨ ਕਿ ਪੀ.ਐਮ.ਆਈ.ਡੀ.ਸੀ. ਵਲੋਂ ਇਹ ਬਿਲ ਬਣਾ ਕੇ ਭੇਜੇ ਜਾਂਦੇ ਹਨ ਜਿਸ ਕਾਰਨ ਅਜਿਹੀ ਸਥਿਤੀ ਦਾ ਸਾਹਮਣਾ ਨਿਗਮ ਦੇ ਉਪਭੋਗਤਾਵਾਂ ਨੂੰ ਕਰਨਾ ਪੈ ਰਿਹਾ ਹੈ | ਦੂਜੇ ਪਾਸੇ ਇਹ ਵੀ ਦੱਸਿਆ ਗਿਆ ਕਿ ਇਨ੍ਹਾਂ ਬਿੱਲਾਂ ਦੀ ਅਦਾਇਗੀ ਇਕ ਠੇਕੇਦਾਰ ਵਲੋਂ ਕੀਤੀ ਜਾ ਰਹੀ ਸੀ ਜਿਸ ਦਾ ਠੇਕਾ ਰੱਦ ਹੋਣ ਤੋਂ ਬਾਅਦ ਬਿੱਲਾਂ ਦੀ ਪਹੁੰਚ 'ਚ ਐਨੇ ਮਹੀਨੇ ਖੜੌਤ ਆਈ ਰਹੀ | ਗਲ ਵਿਚੋਂ ਕੁੱਝ ਵੀ ਹੋਵੇ ਪਰੰਤੂ ਆਮ ਲੋਕਾਂ ਨੂੰ ਇਸ ਤਰ੍ਹਾਂ ਸ਼ਸ਼ੋਪੰਜ 'ਚੋਂ ਕੱਢਣਾ ਨਿਗਮ ਅਧਿਕਾਰੀਆਂ ਦੀ ਜ਼ਿੰਮੇਵਾਰੀ ਬਣਦੀ ਹੈ | ਸੀਨੀਅਰ ਕੌਂਸਲਰ ਜਸਬੀਰ ਸਿੰਘ ਗਾਂਧੀ ਨੇ ਕਿਹਾ ਕਿ ਉਹ ਆਉਂਦੇ ਜਨਰਲ ਹਾਊਸ 'ਚ ਇਹ ਮੰਗ ਚੁੱਕਣਗੇ ਤਾਂ ਕਿ ਆਮ ਲੋਕਾਂ ਨੂੰ ਰਾਹਤ ਮਿਲੇ | ਵੈਸੇ ਭਵਿੱਖ 'ਚ ਹਰ ਵਾਰਡ ਅੰਦਰ ਇਕ ਵਿਅਕਤੀ ਨੂੰ ਸੀਵਰੇਜ ਅਤੇ ਪਾਣੀ ਦੇ ਕੁਨੈਕਸ਼ਨ ਦੇ ਹਿਸਾਬ ਨਾਲ ਬਿਲ ਵੰਡਣ ਦੀ ਜ਼ਿੰਮੇਵਾਰੀ ਦਿੱਤੀ ਜਾਵੇਗੀ | 6 ਵਾਰਡਾਂ ਦੇ ਉੱਪਰ ਇਕ ਇੰਸਪੈਕਟਰ ਲਗਾਇਆ ਜਾਵੇਗਾ ਅਤੇ ਇਨ੍ਹਾਂ ਇੰਸਪੈਕਟਰਾਂ ਉਪਰ ਇਕ ਸੁਪਰਡੈਂਟ ਕੰਮ ਕਰੇਗਾ | ਇਸ ਵਿਉਂਤਬੰਦੀ ਨਾਲ ਨਾਜਾਇਜ਼ ਕੁਨੈਕਸ਼ਨ ਜੋ ਵੱਡੀ ਗਿਣਤੀ 'ਚ ਲੋਕਾਂ ਵਲੋਂ ਲਗਾਏ ਗਏ ਹਨ ਵੀ ਸਾਹਮਣੇ ਆਉਣਗੇ ਅਤੇ ਉਨ੍ਹਾਂ ਵਲੋਂ ਬਣਦੀ ਅਦਾਇਗੀ ਨਾ ਕਰਨ 'ਤੇ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ |