ਪਟਿਆਲਾ, 26 ਫ਼ਰਵਰੀ (ਗੁਰਵਿੰਦਰ ਸਿੰਘ ਔਲਖ)-ਗੌਰਮਿੰਟ (ਸਟੇਟ) ਕਾਲਜ ਆਫ ਐਜੂਕੇਸ਼ਨ ਵਿਖੇ ਪਿ੍ੰਸੀਪਲ ਪ੍ਰੋ. ਡਾ. ਵਨੀਤਾ ਰਾਣੀ ਦੀ ਅਗਵਾਈ ਹੇਠ ਚੱਲ ਰਹੇ ਐੱਨ.ਐੱਸ.ਐੱਸ. ਕੈਂਪ ਦੇ ਚੌਥੇ ਦਿਨ ਪਟਿਆਲਾ ਫਾਊਾਡੇਸ਼ਨ ਦੇ ਸੀ.ਈ.ਓ. ਅਤੇ ਸੰਸਥਾਪਕ ਵੀ ਆਹਲੂਵਾਲੀਆ ਨੇ ਐੱਨ.ਐੱਸ.ਐੱਸ. ਵਲੰਟੀਅਰਜ਼ 'ਚ ਵਾਤਾਵਰਨ ਸੁਰੱਖਿਆ ਸੰਬੰਧੀ ਜਾਗਰੂਕਤਾ ਪੈਦਾ ਕੀਤੀ | ਉਨ੍ਹਾਂ ਨੇ ਰੁੱਖ ਲਗਾਉਣ ਦੀ ਮਹੱਤਤਾ, ਪਾਣੀ ਦੀ ਸ਼ੁੱਧਤਾ ਅਤੇ ਇਸ ਦੀ ਸੰਭਾਲ ਬਾਰੇ ਵਿਸਥਾਰ ਨਾਲ ਗੱਲ ਕੀਤੀ | ਉਨ੍ਹਾਂ ਨੇ ਪੰਜਾਬ ਦੇ ਪਿੰਡਾਂ 'ਚ ਪਾਣੀ 'ਚ ਯੂਰੇਨੀਅਮ ਦੇ ਵੱਧ ਰਹੇ ਪੱਧਰ ਬਾਰੇ ਵੀ ਜਾਣਕਾਰੀ ਦਿੱਤੀ ਅਤੇ ਸੁਰੱਖਿਅਤ ਪੀਣ ਯੋਗ ਪਾਣੀ ਦੀ ਲੋੜ 'ਤੇ ਜ਼ੋਰ ਦਿੱਤਾ | ਇਸ ਮੌਕੇ ਸਾਂਝੀ ਸਿੱਖਿਆ ਐੱਨ.ਜੀ.ਓ. ਵਲੋਂ ਡਾ. ਮੁਦਾਸਿਰ ਬਸ਼ੀਰ ਨੇ ਵਿਦਿਆਰਥੀਆਂ ਨੂੰ ਪਰਸਨਲ ਡਿਵੈਲਪਮੈਂਟ, ਇੰਟਰਪਰਸਨਲ ਕਮਿਊਨੀਕੇਸ਼ਨ ਸਕਿਲ, ਲੀਡਰਸ਼ਿਪ ਸਕਿਲ, ਨਰਸਿੰਗ ਪਰਸਨੈਲਿਟੀ, ਯੂਥ ਇਨਵਾਲਵਮੈਂਟ ਅਤੇ ਏ.ਆਈ. ਸਕਿਲਜ਼ ਬਾਰੇ ਜਾਣਕਾਰੀ ਦਿੱਤੀ | ਐੱਨ.ਐੱਸ.ਐੱਸ. ਕੋਆਰਡੀਨੇਟਰ ਸਹਾਇਕ ਪ੍ਰੋਫੈਸਰ ਜਗਦੇਵ ਸਿੰਘ ਅਤੇ ਸਹਾਇਕ ਪ੍ਰੋਫੈਸਰ ਮੂਰਤੀ ਕੌਰ ਵਿਦਿਆਰਥੀਆਂ ਵਲੋਂ ਐੱਨ.ਐੱਸ.ਐੱਸ. ਵਲੰਟੀਅਰਾਂ ਨੂੰ ਨਸ਼ਿਆਂ ਦੇ ਸਰੀਰਕ, ਮਾਨਸਿਕ ਅਤੇ ਸਮਾਜਿਕ ਨੁਕਸਾਨਾਂ ਬਾਰੇ ਜਾਗਰੂਕ ਕਰਦਿਆਂ ਨਸ਼ਾ ਮੁਕਤ ਸਮਾਜ ਬਣਾਉਣ ਦੀ ਅਪੀਲ ਕੀਤੀ ਗਈ | ਐੱਨ.ਐੱਸ.ਐੱਸ. ਵਲੰਟੀਅਰਾਂ ਵਲੋਂ ਨਸ਼ਾ ਵਿਰੋਧੀ ਵਿਸ਼ੇ 'ਤੇ ਆਪਣੇ ਵਿਚਾਰ ਪੇਸ਼ ਕੀਤੇ ਗਏ | ਸੈਮੀਨਾਰ ਤੋਂ ਬਾਅਦ ਐੱਨ.ਐੱਸ.ਐੱਸ. ਵਲੰਟੀਅਰਾਂ ਵਲੋਂ ਨਸ਼ਾ ਵਿਰੋਧੀ ਰੈਲੀ ਕੱਢੀ ਗਈ ਅਤੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ |