ਪਟਿਆਲਾ , 5 ਮਾਰਚ (ਅ.ਸ. ਆਹਲੂਵਾਲੀਆ)-ਨਗਰ ਨਿਗਮ ਵਲੋਂ ਸ਼ਹਿਰ 'ਚ ਸਫ਼ਾਈ ਪ੍ਰਬੰਧ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਸੈਨਟਰੀ ਇੰਸਪੈਕਟਰਾਂ ਅਤੇ ਸੁਪਰਵਾਈਜ਼ਰਾਂ ਦੇ ਏਰੀਏ ਦੀ ਨਵੀਂ ਵੰਡ ਕੀਤੀ ਗਈ ਹੈ | ਇਹ ਫ਼ੈਸਲਾ ਪ੍ਰਬੰਧਕੀ ਹਿਤਾਂ ਨੂੰ ਧਿਆਨ 'ਚ ਰੱਖਦਿਆਂ ਲਿਆ ਗਿਆ ਹੈ ਤਾਂ ਜੋ ਵੱਖ-ਵੱਖ ਵਾਰਡਾਂ 'ਚ ਸਫ਼ਾਈ ਦੇ ਕੰਮ ਦੀ ਨਿਗਰਾਨੀ ਸੁਚਾਰੂ ਢੰਗ ਨਾਲ ਹੋ ਸਕੇ ਅਤੇ ਲੋਕਾਂ ਨੂੰ ਬਿਹਤਰ ਸਹੂਲਤਾਂ ਮਿਲ ਸਕਣ | ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਮੇਅਰ ਕੁੰਦਨ ਗੋਗੀਆ ਨੇ ਕਿਹਾ ਕਿ ਸ਼ਹਿਰ ਦੀ ਵਧ ਰਹੀ ਆਬਾਦੀ ਅਤੇ ਵਾਰਡਾਂ 'ਚ ਸਫ਼ਾਈ ਦੇ ਕੰਮ ਨੂੰ ਹੋਰ ਸੁਧਾਰਨ ਲਈ ਸੈਨਟਰੀ ਸਟਾਫ਼ ਦੀ ਜ਼ਿੰਮੇਵਾਰੀਆਂ 'ਚ ਬਦਲਾਅ ਕੀਤਾ ਗਿਆ ਹੈ | ਨਵੀਂ ਵੰਡ ਦੇ ਤਹਿਤ ਹਰਵਿੰਦਰ ਸਿੰਘ, ਸੈਨਟਰੀ ਇੰਸ. ਹੁਣ ਵਾਰਡ ਨੰਬਰ 22 ਤੋਂ 30, ਜਗਤਾਰ ਸਿੰਘ, ਸੈਨਟਰੀ ਇੰਸ. ਵਾਰਡ ਨੰਬਰ 32, 34 ਤੋਂ 36 ਅਤੇ 39, ਰਿਸ਼ਭ ਗੁਪਤਾ, ਸੈਨਟਰੀ ਇੰਸ. ਵਾਰਡ ਨੰਬਰ 50, 54 ਤੋਂ 58 ਅਤੇ 60, ਰਾਜੇਸ਼ ਕੁਮਾਰ, ਸੈਨਟਰੀ ਇੰਸ. ਵਾਰਡ ਨੰਬਰ 10 ਤੋਂ 21, ਮੋਹਿਤ ਜਿੰਦਲ, ਸੈਨਟਰੀ ਇੰਸ. ਨੂੰ ਵਾਰਡ ਨੰਬਰ 1 ਤੋਂ 9 ਅਤੇ 59 , ਇੰਦਰਜੀਤ ਸਿੰਘ, ਸੈਨਟਰੀ ਇੰਸ. ਨੂੰ ਵਾਰਡ ਨੰਬਰ 42, 44 ਤੋਂ 49, 51 ਤੋਂ 53 , ਗੋਗਾ ਰਾਣੀ, ਸੈਨਟਰੀ ਇੰਸ. ਅਤੇ ਕੁਲਦੀਪ ਰੱਤਾ ਸੁਪਰਵਾਈਜ਼ਰ ਨੂੰ ਵਾਰਡ ਨੰਬਰ 37, 38 ਅਤੇ 43, ਨਰਿੰਦਰ ਕੁਮਾਰ ਸੈਨਟਰੀ ਸੁਪਰਵਾਈਜ਼ਰ ਨੂੰ ਵਾਰਡ ਨੰਬਰ 31, 33, 40 ਅਤੇ 41 ਦੀ ਜ਼ਿੰਮੇਵਾਰੀ ਸੌਂਪੀ ਗਈ ਹੈ | ਮੇਅਰ ਨੇ ਕਿਹਾ ਗਿਆ ਕਿ ਵਾਰਡਾਂ ਦੇ ਸਫ਼ਾਈ ਕੰਮ ਦੀ ਨਿਗਰਾਨੀ ਤੋਂ ਇਲਾਵਾ ਜੋ ਪ੍ਰੋਜੈਕਟ ਅਤੇ ਵਿਸ਼ੇਸ਼ ਕੰਮ ਪਹਿਲਾਂ ਤੋਂ ਹੀ ਸੈਨਟਰੀ ਇੰਸਪੈਕਟਰਾਂ ਅਤੇ ਸੁਪਰਵਾਈਜ਼ਰਾਂ ਨੂੰ ਅਲਾਟ ਕੀਤੇ ਗਏ ਹਨ, ਉਹ ਪਹਿਲਾਂ ਦੀ ਤਰ੍ਹਾਂ ਹੀ ਉਨ੍ਹਾਂ ਵਲੋਂ ਜਾਰੀ ਰੱਖੇ ਜਾਣਗੇ | ਉਨ੍ਹਾਂ ਨੇ ਇਹ ਵੀ ਦੱਸਿਆ ਕਿ ਸਰਕਾਰ ਵਲੋਂ ਜਾਰੀ ਹਦਾਇਤਾਂ ਅਨੁਸਾਰ ਨਗਰ ਸੁਧਾਰ ਟਰੱਸਟ ਦੀਆਂ ਕਾਲੋਨੀਆਂ 'ਚ ਵੀ ਸਫ਼ਾਈ ਦੇ ਪ੍ਰਬੰਧ ਯਕੀਨੀ ਬਣਾਉਣ ਲਈ ਨਗਰ ਨਿਗਮ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ | ਇਸ ਲਈ ਸਾਰੇ ਸੈਨਟਰੀ ਇੰਸਪੈਕਟਰਾਂ ਅਤੇ ਸੁਪਰਵਾਈਜ਼ਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਜੇਕਰ ਉਨ੍ਹਾਂ ਦੇ ਇਲਾਕੇ 'ਚ ਨਗਰ ਸੁਧਾਰ ਟਰੱਸਟ ਦੀ ਕੋਈ ਕਾਲੋਨੀ ਆਉਂਦੀ ਹੈ ਤਾਂ ਉੱਥੇ ਵੀ ਸਾਫ-ਸਫਾਈ ਦਾ ਪੂਰਾ ਧਿਆਨ ਰੱਖਿਆ ਜਾਵੇ | ਉਨ੍ਹਾਂ ਨੇ ਕਿਹਾ ਕਿ ਸ਼ਹਿਰ ਨੂੰ ਸਾਫ਼-ਸੁਥਰਾ ਬਣਾਉਣਾ ਨਗਰ ਨਿਗਮ ਦੀ ਪਹਿਲ ਹੈ ਅਤੇ ਇਸ ਦਿਸ਼ਾ 'ਚ ਹੋਰ ਵੀ ਕਦਮ ਚੁੱਕੇ ਜਾ ਰਹੇ ਹਨ | ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਕਰ ਦਿੱਤੇ ਗਏ ਹਨ |