ਨਾਭਾ, 8 ਮਾਰਚ (ਕਰਮਜੀਤ ਸਿੰਘ)-ਜੇਕਰ ਮਨ ਦੇ ਵਿਚ ਕੁਝ ਕਰ ਗੁਜ਼ਰਨ ਦਾ ਖ਼ੁਆਬ ਹੋਵੇ ਤਾਂ ਔਖੀ ਤੋਂ ਔਖੀ ਮੰਜ਼ਿਲ ਨੂੰ ਵੀ ਸਖ਼ਤ ਮਿਹਨਤ ਅਤੇ ਦਿ੍ੜ੍ਹ ਇਰਾਦੇ ਦੇ ਨਾਲ ਹਾਸਿਲ ਕੀਤਾ ਜਾ ਸਕਦਾ | ਅਜਿਹਾ ਹੀ ਕੁੱਝ ਕਰ ਵਿਖਾਇਆ ਨਾਭਾ ਬਲਾਕ ਦੇ ਪਿੰਡ ਬਿਰੜਵਾਲ ਦੇ ਸਾਧਾਰਨ ਕਿਸਾਨ ਪਰਿਵਾਰ ਵਿਚ ਜਨਮੀ ਹੋਣਹਾਰ ਧੀ ਸਿਮਰਨਦੀਪ ਕੌਰ ਨੇ ਯੂਪੀਐਸਸੀ ਪ੍ਰੀਖਿਆ ਪਾਸ ਕਰਕੇ ਦੇਸ਼ ਭਰ ਵਿਚੋਂ 15ਵਾਂ ਸਥਾਨ ਹਾਸਿਲ ਕਰ ਆਪਣੇ ਮਾਪਿਆਂ, ਪਿੰਡ, ਇਲਾਕੇ ਅਤੇ ਪੰਜਾਬ ਦਾ ਨਾਮ ਸਮੁੱਚੇ ਦੇਸ ਵਿਚ ਰੌਸ਼ਨ ਕੀਤਾ ਹੈ | ਸਿਮਰਨਦੀਪ ਕੌਰ ਪਰਿਵਾਰ ਸਮੇਤ ਅੱਜ ਗੁਰਦੁਆਰਾ ਸਿੱਧਸਰ ਅਲੌਹਰਾਂ ਸਾਹਿਬ ਵਿਖੇ ਨਤਮਸਤਕ ਹੋਈ | ਗੁਰਦੁਆਰਾ ਸਿੱਧਸਰ ਅਲੌਹਰਾਂ ਸਾਹਿਬ ਜੀ ਦੇ ਮੁਖੀ ਸਿੱਖ ਪ੍ਰਚਾਰਕ ਜਥੇਦਾਰ ਬਾਬਾ ਕਸ਼ਮੀਰਾ ਸਿੰਘ ਵਲੋਂ ਸਿਮਰਨਦੀਪ ਕੌਰ ਦਾ ਸਨਮਾਨ ਕੀਤਾ ਗਿਆ ਹੈ | ਇਸ ਮੌਕੇ 'ਤੇ ਜਥੇਦਾਰ ਬਾਬਾ ਕਸ਼ਮੀਰਾ ਸਿੰਘ ਨੇ ਪਰਿਵਾਰ ਨੂੰ ਅਤੇ ਉਸ ਲੜਕੀ ਨੂੰ ਵਧਾਈ ਦਿੱਤੀ ਕਿਹਾ ਕਿ ਇਹ ਪਰਿਵਾਰ ਗੁਰੂ ਨੂੰ ਮੰਨਣ ਵਾਲਾ ਪਰਿਵਾਰ ਹੈ | ਉਨ੍ਹਾਂ ਕਿਹਾ ਕਿ ਜਿਸ 'ਤੇ ਗੁਰੂ ਦੀ ਕਿਰਪਾ ਹੁੰਦੀ ਹੈ ਉਹ ਪਰਿਵਾਰ ਹਮੇਸ਼ਾ ਤਰੱਕੀ ਕਰਦਾ ਹੈ | ਅੱਜ ਗੁਰੂ ਘਰ ਪਹੁੰਚੇ ਪਰਿਵਾਰ ਦਾ ਸਨਮਾਨ ਕੀਤਾ ਅਤੇ ਬੜੀ ਮਨ ਨੂੰ ਖ਼ੁਸ਼ੀ ਮਿਲੀ ਕਿ ਸਾਡੀ ਗੁਰਸਿੱਖ ਪਰਿਵਾਰ ਨਾਲ ਸੰਬੰਧਿਤ ਬੱਚੀ ਨੇ ਪੰਜਾਬ ਦਾ ਨਾਮ ਪੂਰੀ ਦੁਨੀਆ ਦੇ ਵਿਚ ਰੌਸ਼ਨ ਕੀਤਾ ਹੈ | ਇਸ ਮੌਕੇ 'ਤੇ ਬਾਬਾ ਹਰਦੇਵ ਸਿੰਘ, ਬਾਬਾ ਬਲਦੇਵ ਸਿੰਘ, ਹੈੱਡ ਗ੍ਰੰਥੀ ਬਾਬਾ ਤਰਲੋਚਨ ਸਿੰਘ ਤੇ ਬਾਬਾ ਜੋਤੀ ਤੇ ਸਿੰਘ ਹਾਜ਼ਰ ਸਨ |