ਸਮਾਣਾ, 8 ਮਾਰਚ (ਹਰਵਿੰਦਰ ਸਿੰਘ ਟੋਨੀ)-ਸਥਾਨਕ ਬੱਸ ਅੱਡੇ 'ਚੋਂ ਕਿਸੇ ਅਣਪਛਾਤੇ ਵਿਅਕਤੀ ਵਲੋਂ ਕਰੀਬ ਪੰਜ ਏਅਰ ਕੰਡੀਸ਼ਨਰਾਂ 'ਤੇ ਲੱਗੀਆਂ ਕਾਪਰ ਦੀਆਂ ਪਾਈਪਾਂ ਕੱਟਦਿਆਂ ਚੋਰੀ ਕਰ ਲਈਆਂ ਗਈਆਂ ਹਨ | ਜਿਸ ਕਾਰਨ ਦੁਕਾਨਦਾਰਾਂ ਦਾ ਹਜ਼ਾਰਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ | ਜਾਣਕਾਰੀ ਮੁਤਾਬਿਕ ਬੱਸ ਅੱਡੇ 'ਚ ਸਥਿਤ ਪਵਨ ਕੁਮਾਰ ਨਾਮੀ ਵਿਅਕਤੀ ਦੀ ਮੋਬਾਈਲਾਂ ਦੀ ਦੁਕਾਨ ਹੈ | ਪਵਨ ਕੁਮਾਰ ਦਾ ਲੜਕਾ ਆਸ਼ੂ ਮੌਸਮ ਤਬਦੀਲੀ ਦੇ ਚੱਲਦਿਆਂ ਏਅਰ ਕੰਡੀਸ਼ਨ ਦੀ ਸਰਵਿਸ ਕਰਵਾਉਣ ਲਈ ਦੁਕਾਨ ਦੀ ਛੱਤ 'ਤੇ ਚੜਿ੍ਹਆ ਤਾਂ ਏਅਰ ਕੰਡੀਸ਼ਨ ਦੀਆਂ ਕਾਪਰ ਦੀਆਂ ਪਾਈਪਾਂ ਕਿਸੇ ਵਲੋਂ ਕੱਟ ਕੇ ਚੋਰੀ ਕਰ ਲਈਆਂ ਗਈਆਂ ਸਨ | ਜਦੋਂ ਆਸ਼ੂ ਨੇ ਬਾਕੀ ਦੁਕਾਨਾਂ ਵੱਲ ਝਾਤੀ ਮਾਰੀ ਤਾਂ ਕਰੀਬ ਪੰਜ ਏਅਰ ਕੰਡੀਸ਼ਨਰਾਂ ਦੀਆਂ ਪਾਈਪਾਂ ਕਿਸੇ ਵਲੋਂ ਕੱਟ ਕੇ ਚੋਰੀ ਕਰ ਲਈਆਂ ਗਈਆਂ ਸਨ | ਦੁਕਾਨਦਾਰਾਂ ਦੱਸਿਆ ਕਿ ਏਅਰ ਕੰਡੀਸ਼ਨਰਾਂ ਦੀਆਂ ਪਾਈਪਾਂ ਚੋਰੀ ਹੋਣ ਕਾਰਨ ਉਨ੍ਹਾਂ ਦਾ ਹੋਰ ਵੀ ਕਾਫ਼ੀ ਨੁਕਸਾਨ ਹੋਇਆ ਹੈ | ਉਨ੍ਹਾਂ ਦੱਸਿਆ ਕਿ ਪਾਈਪਾਂ ਕੱਟਣ ਕਾਰਨ ਏਅਰ ਕੰਡੀਸ਼ਨਰਾਂ ਦੀ ਗੈਸ ਲੀਕ ਹੋ ਗਈ ਹੈ ਜੋ ਪ੍ਰਤੀ ਏਅਰ ਕੰਡੀਸ਼ਨਰ ਦੋ-ਤਿੰਨ ਹਜ਼ਾਰ ਰੁਪਏ ਤੋਂ ਵਧ ਦੀ ਪੈਂਦੀ ਹੈ ਤੇ ਕਾਪਰ ਪਾਈਪ ਪ੍ਰਤੀ ਪਾਈਪ ਵੀ ਦੋ ਹਜ਼ਾਰ ਰੁਪਏ ਦੇ ਕਰੀਬ ਪੈਂਦੀ ਹੈ ਜਦੋਂ ਕਿ ਮਿਸਤਰੀ ਲੇਬਰ ਵੱਖਰੀ ਲੈਂਦਾ ਹੈ | ਉਨ੍ਹਾਂ ਦੱਸਿਆ ਕਿ ਕਾਪਰ ਪਾਈਪ ਕੱਟਣ ਵਾਲੇ ਨੇ ਇਕ ਪਾਈਪ ਕਬਾੜੀਏ ਨੂੰ ਚਾਹੇ ਪੰਜ ਸੌ ਰੁਪਏ ਦੀ ਵੇਚੀ ਹੋਵੇਗੀ ਤੇ ਉਨ੍ਹਾਂ ਦਾ ਨੁਕਸਾਨ ਸਾਰੇ ਏਅਰ ਕੰਡੀਸ਼ਨਰਾਂ ਦਾ 25 ਹਜ਼ਾਰ ਦੇ ਕਰੀਬ ਹੋ ਗਿਆ ਹੈ |