ਘਨੌਰ, 9 ਮਾਰਚ (ਸਰਦਾਰਾ ਸਿੰਘ ਲਾਛੜੂ)-ਘਨੌਰ ਵਿਖੇ 'ਅਕਾਲੀ ਦਲ ਵਾਰਸ ਪੰਜਾਬ ਦੇ' ਵਲੋਂ ਗੁਰਸੇਵਕ ਸਿੰਘ ਅੰਟਾਲ ਅਤੇ ਉਨ੍ਹਾਂ ਦੀ ਟੀਮ ਦੀ ਯੋਗ ਅਗਵਾਈ ਹੇਠ 'ਪੰਥ ਬਚਾਓ-ਪੰਜਾਬ ਬਚਾਓ' ਮੁਹਿੰਮ ਤਹਿਤ ਇਕ ਵਿਸ਼ਾਲ ਇਕੱਠ ਕੀਤਾ ਗਿਆ | ਇਸ ਪ੍ਰੋਗਰਾਮ ਨੇ ਇਕ ਵੱਡੀ ਰੈਲੀ ਦਾ ਰੂਪ ਧਾਰਨ ਕਰ ਲਿਆ, ਜਿਸ 'ਚ ਖਡੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਭਾਈ ਅੰਮਿ੍ਤਪਾਲ ਸਿੰਘ ਦੇ ਪਿਤਾ ਅਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਸਰਪ੍ਰਸਤ ਤਰਸੇਮ ਸਿੰਘ ਵਿਸ਼ੇਸ਼ ਤੌਰ 'ਤੇ ਪਹੁੰਚੇ | ਇਸ ਦੌਰਾਨ ਦਸਤਾਰਾਂ ਦਾ ਲੰਗਰ ਵੀ ਲਗਾਇਆ ਗਿਆ, ਜਿਸ 'ਚ 102 ਦੇ ਕਰੀਬ ਨੌਜਵਾਨਾਂ ਨੇ ਦਸਤਾਰ ਸਜਾਈ | ਰੈਲੀ ਨੂੰ ਸੰਬੋਧਨ ਕਰਦਿਆਂ ਬਾਪੂ ਤਰਸੇਮ ਸਿੰਘ ਨੇ 'ਆਮ ਆਦਮੀ ਪਾਰਟੀ' ਦੀ ਸਰਕਾਰ 'ਤੇ ਵਾਅਦਾ-ਖਿਲਾਫੀ ਦੇ ਗੰਭੀਰ ਦੋਸ਼ ਲਾਏ | ਉਨ੍ਹਾਂ ਕਿਹਾ, ਜਿਹੜੀ ਪਾਰਟੀ 24 ਘੰਟਿਆਂ 'ਚ ਗੁਰੂ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਜਾਵਾਂ ਦੇਣ ਅਤੇ ਸਖ਼ਤ ਕਾਨੂੰਨ ਬਣਾਉਣ ਦੇ ਦਾਅਵੇ ਕਰਕੇ ਸੱਤਾ 'ਚ ਆਈ ਸੀ, ਅੱਜ ਉਹ ਦੋਸ਼ੀਆਂ ਨੂੰ ਨੱਥ ਪਾਉਣ 'ਚ ਬੁਰੀ ਤਰ੍ਹਾਂ ਨਾਕਾਮ ਰਹੀ ਹੈ | ਗੁਰਸੇਵਕ ਸਿੰਘ ਅੰਟਾਲ ਅਤੇ ਉਨ੍ਹਾਂ ਦੀ ਟੀਮ ਨੇ ਆਏ ਹੋਏ ਸਾਰੇ ਲੋਕਾਂ ਦਾ ਧੰਨਵਾਦ ਕੀਤਾ | ਬਾਪੂ ਤਰਸੇਮ ਸਿੰਘ ਨੇ ਯੂਨੀਵਰਸਿਟੀਆਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਨੂੰ ਬਚਾਉਣ ਲਈ ਅੱਗੇ ਆਉਣ ਅਤੇ 'ਅਕਾਲੀ ਦਲ ਵਾਰਸ ਪੰਜਾਬ ਦੇ' ਦਾ ਸਾਥ ਦੇਣ | ਉਨ੍ਹਾਂ ਕਿਹਾ ਕਿ ਜੋ ਵੀ ਹੱਕਾਂ ਦੀ ਗੱਲ ਕਰਦਾ ਹੈ, ਉਸ 'ਤੇ ਐਨ.ਐੱਸ.ਏ. ਵਰਗੇ ਕਾਲੇ ਕਾਨੂੰਨ ਮੜ੍ਹ ਦਿੱਤੇ ਜਾਂਦੇ ਹਨ ਪਰ ਪੰਜਾਬ ਦੇ ਬਹਾਦਰ ਲੋਕ ਹੁਣ ਡਰਨ ਵਾਲੇ ਨਹੀਂ ਹਨ | ਇਸ ਦੌਰਾਨ ਗੁਰਸੇਵਕ ਸਿੰਘ ਅੰਟਾਲ ਨੇ ਅਕਾਲੀ ਦਲ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ 'ਚ ਹੋਏ ਪਰਚਿਆਂ ਤੇ ਵੀ ਖੁੱਲ ਕੇ ਚਰਚਾ ਕੀਤੀ ਅਤੇ ਕਿਹਾ ਕਿ ਤਿੰਨਾਂ ਸਰਕਾਰਾਂ 'ਚ ਉਨ੍ਹਾਂ ਦੇ ਉੱਪਰ ਝੂਠੇ ਪਰਚੇ ਦਰਜ ਕੀਤੇ ਗਏ ਹਨ | ਇਹ ਰੈਲੀ ਘਨੌਰ ਇਲਾਕੇ 'ਚ ਪੰਥਕ ਸੋਚ ਦੇ ਇਕ ਵੱਡੇ ਉਭਾਰ ਵਜੋਂ ਦੇਖੀ ਜਾ ਰਹੀ ਹੈ, ਜਿਸ ਨੇ ਰਵਾਇਤੀ ਸਿਆਸੀ ਪਾਰਟੀਆਂ ਦੀ ਨੀਂਦ ਉਡਾ ਦਿੱਤੀ ਹੈ | ਇਸ ਮੌਕੇ 'ਤੇ ਪਰਮਜੀਤ ਸਿੰਘ ਜੌਹਲ, ਪਲਵਿੰਦਰ ਸਿੰਘ, ਅਮਰਜੀਤ ਸਿੰਘ ਵੰਚਿੜੀ, ਹਰਭਜਨ ਸਿੰਘ ਤੁੜ, ਪਰਮਜੀਤ ਸਿੰਘ ਖੇੜਾ, ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਡਰੌਲੀ, ਗੁਰਜੀਤ ਸਿੰਘ ਜੋਗੀਪੁਰ, ਸਰਬਜੀਤ ਸਿੰਘ ਘੜਾਮ, ਗੁਰਪ੍ਰੀਤ ਸਿੰਘ ਬਾਰਨ, ਗੁਰਦੀਪ ਸਿੰਘ ਮਰਦਾਂਪੁਰ, ਰਾਜਵੰਤ ਕੌਰ ਘੜਾਮ, ਹਰਫ ਬਾਜਵਾ, ਲਵਪ੍ਰੀਤ ਸੰਧੂ, ਧਰਮ ਸਿੰਘ ਸਰਪੰਚ ਰਾਮ ਨਗਰ ਸੈਣੀਆ, ਸਵਿੰਦਰ ਸਿੰਘ ਭੰਗੂ, ਬਲਵਿੰਦਰ ਸਿੰਘ ਪ੍ਰਧਾਨ ਗੁਰਦੁਆਰਾ ਰਾਮ ਨਗਰ ਸੈਣੀਆ, ਲਖਵੰਤ ਸਿੰਘ ਲੱਖੀ, ਝਿਰਮਲ ਸਿੰਘ ਵਿਰਕ, ਹਰਮਨਪ੍ਰੀਤ ਸਿੰਘ ਪੂਨੀਆ ਅਕਾਲੀ ਬੁੱਢਾ ਦਲ, ਗਗਨਜੋਤ ਸਿੰਘ ਭੰਗੂ, ਸੁੱਖੀ ਅੰਟਾਲ ਪ੍ਰਧਾਨ, ਗੇਵੀ ਘਨੌਰ, ਹਰਦੇਵ ਸਿੰਘ ਭੰਗੂ, ਕੁਲਦੀਪ ਸਿੰਘ ਘਨੌਰ, ਸੰਜੂ ਸੈਣੀ ਰਾਮ ਨਗਰ, ਰਾਕੇਸ਼ ਕੁਮਾਰ ਰਾਮਨਗਰ ਸੈਣੀਆ, ਦਵਿੰਦਰ ਸਿੰਘ ਘੇਲ, ਹਰਮੇਸ਼ ਸਿੰਘ ਰਾਮਨਗਰ ਸੈਣੀਆ, ਸੁੱਖਾ ਸਿੰਘ ਸੰਭੂ, ਲਾਲਾ ਸਿੰਘ ਖ਼ਾਨਪੁਰ, ਕੁਲਦੀਪ ਸਿੰਘ ਦਿੱਲੀ, ਗੁਰਪ੍ਰੀਤ ਸਿੰਘ ਕਾਮੀ ਖ਼ੁਰਦ, ਮਹਿੰਦਰ ਸਿੰਘ ਸੈਕਟਰੀ ਹਰਪਾਲਪੁਰ ਆਦਿ ਸ਼ਾਮਿਲ ਹੋਏ |