ਘੱਗਰ ਦੇ ਪਾੜ ਪੂਰਨ ਲਈ 'ਘੱਗਰ ਸੰਘਰਸ਼ ਕਮੇਟੀ' ਦਾ ਵੱਡਾ ਐਲਾਨ, 1500 ਲੀਟਰ ਡੀਜ਼ਲ ਮਿਲੇਗਾ ਮੁਫ਼ਤ
ਪਿੰਡ ਮੰਜੋਲੀ ਵਿਖੇ ਘੱਗਰ ਦੇ ਹੱਲ ਲਈ ਰੱਖੇ ਸਰਬ ਸਾਂਝੇ ਇਕੱਠ ਦੇ ਵਿਚ ਬਣੀ 11 ਮੈਂਬਰੀ ਕਮੇਟੀ ਬਾਰੇ ਜਾਣਕਾਰੀ ਦਿੰਦੇ ਹੋਏ ਗੁਰਸੇਵਕ ਸਿੰਘ ਅੰਟਾਲ | ਤਸਵੀਰ : ਸਰਦਾਰਾ ਸਿੰਘ ਲਾਛੜੂ
<br/>
29-03-2026
ਇਸ ਮੌਕੇ ਹਾਜ਼ਰ ਸੈਂਕੜੇ ਲੋਕਾਂ ਦੀ ਸਹਿਮਤੀ ਨਾਲ ਇਕ 11 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ | ਇਸ ਕਮੇਟੀ ਵਿਚ ਇਲਾਕੇ ਦੇ ਮੁਹਤਬਰ ਵਿਅਕਤੀਆਂ ਨੂੰ ਸ਼ਾਮਿਲ ਕੀਤਾ ਗਿਆ ਹੈ, ਜਿਨ੍ਹਾਂ ਵਿਚ ਗੁਰਸੇਵਕ ਸਿੰਘ ਅੰਟਾਲ, ਕੇਸਰ ਸਿੰਘ ਮੰਜੌਲੀ, ਜਸਬੀਰ ਸਿੰਘ ਨਨਹੇੜੀ, ਈਸ਼ਵਰ ਚੰਦ ਸਨੋਲੀਆ, ਬਿੱਟੂ ਮੰਜੌਲੀ, ਮਨਦੀਪ ਸਿੰਘ ਦੜੂਆ, ਬਲਵਿੰਦਰ ਸਿੰਘ ਸਰਾਲਾ ਖ਼ੁਰਦ, ਸੁਖਦੇਵ ਸਿੰਘ ਸਰਪੰਚ ਰਾਏਪੁਰ, ਸੁਰਿੰਦਰ ਸਿੰਘ ਬਘੌਰਾ ਅਤੇ ਗੁਰਪ੍ਰੀਤ ਸਿੰਘ ਕਾਮੀ ਖ਼ੁਰਦ ਦੇ ਨਾਮ ਪ੍ਰਮੁੱਖ ਹਨ | ਕਮੇਟੀ ਨੇ ਫ਼ੈਸਲਾ ਲਿਆ ਹੈ ਕਿ ਸਭ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਇਕ ਮੰਗ ਪੱਤਰ ਸੌਂਪ ਕੇ ਪ੍ਰਸ਼ਾਸਨ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ | ਸੰਘਰਸ਼ ਕਮੇਟੀ ਨੇ ਇਕ ਐਲਾਨ ਕਰਦਿਆਂ ਕਿਹਾ ਕਿ ਜੇਕਰ ਸਰਕਾਰ ਅਤੇ ਸੰਬੰਧਿਤ ਵਿਭਾਗ ਘੱਗਰ ਦੇ ਪਾੜ ਭਰਨ ਵਿਚ ਨਾਕਾਮ ਰਹਿੰਦੇ ਹਨ, ਤਾਂ ਇਲਾਕੇ ਦੇ ਲੋਕ ਹੱਥਾਂ 'ਤੇ ਹੱਥ ਧਰ ਕੇ ਨਹੀਂ ਬੈਠਣਗੇ | ਕਮੇਟੀ ਨੇ ਐਲਾਨ ਕੀਤਾ ਕਿ ਜੇਕਰ ਆਮ ਲੋਕਾਂ ਨੂੰ ਆਪਣੇ ਪੱਧਰ 'ਤੇ ਮਿੱਟੀ ਪਾ ਕੇ ਪਾੜ ਪੂਰਨੇ ਪੈਂਦੇ ਹਨ ਤਾਂ ਕਮੇਟੀ ਵਲੋਂ ਉਨ੍ਹਾਂ ਨੂੰ 1500 ਲੀਟਰ ਡੀਜ਼ਲ ਬਿਲਕੁਲ ਮੁਫ਼ਤ ਦਿੱਤਾ ਜਾਵੇਗਾ | ਇਹ ਫ਼ੈਸਲਾ ਇਸ ਲਈ ਲਿਆ ਗਿਆ ਹੈ ਤਾਂ ਜੋ ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਫ਼ਸਲਾਂ ਤੇ ਘਰਾਂ ਨੂੰ ਡੁੱਬਣ ਤੋਂ ਬਚਾਇਆ ਜਾ ਸਕੇ | ਇਸ ਮੌਕੇ ਗੁਰਸੇਵਕ ਸਿੰਘ ਅੰਟਾਲ ਨੇ ਮੌਜੂਦਾ ਸਰਕਾਰ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਸਰਕਾਰ ਵਲੋਂ ਘੱਗਰ ਦੇ ਪ੍ਰਬੰਧਾਂ ਲਈ 18 ਕਰੋੜ ਰੁਪਏ ਦਾ ਟੈਂਡਰ ਪਾਸ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ | ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਇਹ ਰਾਸ਼ੀ ਸਹੀ ਤਰੀਕੇ ਨਾਲ ਅਤੇ ਪਾਰਦਰਸ਼ਤਾ ਨਾਲ ਘੱਗਰ ਦੇ ਬੰਨ੍ਹਾਂ 'ਤੇ ਖ਼ਰਚ ਨਾ ਕੀਤੀ ਗਈ, ਤਾਂ ਸੰਘਰਸ਼ ਕਮੇਟੀ ਇਸ ਦੀ ਉੱਚ-ਪੱਧਰੀ ਜਾਂਚ ਕਰਵਾਏਗੀ | ਕਮੇਟੀ ਨੇ ਠੇਕੇਦਾਰਾਂ ਨੂੰ ਸਪਸ਼ਟ ਸ਼ਬਦਾਂ ਵਿੱਚ ਕਿਹਾ ਹੈ ਕਿ ਜੇਕਰ ਕਿਸੇ ਵੀ ਠੇਕੇਦਾਰ ਨੇ ਕਿਸੇ ਰਾਜਸੀ ਲੀਡਰ ਜਾਂ ਪਾਰਟੀ ਨਾਲ ਮਿਲ ਕੇ ਸਰਕਾਰੀ ਖਜਾਨੇ ਨੂੰ ਚੂਨਾ ਲਗਾਉਣ ਜਾਂ ਘਟੀਆ ਸਮਗਰੀ ਵਰਤਣ ਦੀ ਕੋਸ਼ਿਸ਼ ਕੀਤੀ ਤਾਂ ਉਸ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕਰਵਾਈ ਜਾਵੇਗੀ | ਬੁਲਾਰਿਆਂ ਨੇ ਕਿਹਾ ਕਿ ਹੁਣ ਲੋਕ ਜਾਗਰੂਕ ਹਨ ਅਤੇ ਆਪਣੇ ਹੱਕਾਂ ਲਈ ਕਿਸੇ ਵੀ ਹੱਦ ਤੱਕ ਜਾਣ ਨੂੰ ਤਿਆਰ ਹਨ | ਇਸ ਇਕੱਠ ਨੇ ਸਪਸ਼ਟ ਕਰ ਦਿੱਤਾ ਹੈ ਕਿ ਜੇਕਰ ਆਉਣ ਵਾਲੇ ਦਿਨਾਂ 'ਚ ਸਰਕਾਰ ਨੇ ਘੱਗਰ ਦੇ ਪੱਕੇ ਹੱਲ ਲਈ ਕੋਈ ਠੋਸ ਕਦਮ ਨਾ ਚੁੱਕੇ, ਤਾਂ ਇਕ ਵਿਸਾਲ ਜਨ-ਅੰਦੋਲਨ ਉਲੀਕਿਆ ਜਾਵੇਗਾ, ਜਿਸ ਦੀ ਸਾਰੀ ਜ਼ਿੰਮੇਵਾਰੀ ਸਾਸਨ ਅਤੇ ਪ੍ਰਸ਼ਾਸਨ ਦੀ ਹੋਵੇਗੀ |