25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਨਗਰ ਪੰਚਾਇਤ ਦੇਵੀਗੜ੍ਹ ਵਲੋਂ ਨੋਟਿਸ ਜਾਰੀ ਹੋਣ ਤੋਂ ਬਾਅਦ ਆਮ ਲੋਕਾਂ 'ਚ ਗ਼ੁੱਸੇ ਦੀ ਲਹਿਰ

Ad Position 21
No active advertisement
ਅਜੀਤ ਡੈਸਕ 04-04-2026
ਭੁੱਨਰਹੇੜੀ, 3 ਅਪ੍ਰੈਲ (ਧਨਵੰਤ ਸਿੰਘ)-ਨਗਰ ਪੰਚਾਇਤ ਦੇਵੀਗੜ੍ਹ ਵਲੋਂ ਨੋਟਿਸ ਜਾਰੀ ਕੀਤੇ ਜਾਣ ਤੋਂ ਬਾਅਦ ਲੋਕਾਂ ਵਿਚ ਗ਼ੁੱਸੇ ਦੀ ਲਹਿਰ ਫੈਲ ਗਈ ਹੈ | ਆਪਣੇ ਹੀ ਘਰਾਂ 'ਤੇ ਕਾਨੂੰਨੀ ਕਾਰਵਾਈ ਦੇ ਡਰ ਲੋਕ ਲਈ ਨਵੀਆਂ ਮੁਸੀਬਤਾਂ ਡਰ ਸਤਾਉਣ ਲੱਗਾ | ਜਿਸ ਕਾਰਨ ਨਗਰ ਪੰਚਾਇਤ ਨੂੰ ਭੰਗ ਕਰਨ ਦੀ ਮੰਗ ਖੁੱਲ੍ਹ ਕੇ ਸਾਹਮਣੇ ਆ ਰਹੀ ਹੈ | ਸਮੂਹ ਅੱਡਾ ਦੇਵੀਗੜ੍ਹ ਅਤੇ ਨਗਰ ਪੰਚਾਇਤ ਦੇ ਅਧੀਨ ਆਉਂਦੇ ਪਿੰਡਾਂ ਦੇ ਵਸਨੀਕਾਂ ਨੇ ਇਕੱਠੇ ਹੋ ਕੇ ਐਲਾਨ ਕੀਤਾ ਹੈ ਕਿ ਜੇਕਰ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਤੁਰੰਤ ਹੱਲ ਨਾ ਕੀਤਾ ਗਿਆ, ਤਾਂ ਉਹ ਸੰਘਰਸ਼ ਨੂੰ ਹੋਰ ਤੇਜ਼ ਕਰਨਗੇ | ਲੋਕਾਂ ਦਾ ਕਹਿਣਾ ਹੈ ਕਿ ਕਈ ਵਾਰ ਇਲਾਕੇ ਦੇ ਨੁਮਾਇੰਦਿਆਂ ਕੋਲ ਗੁਹਾਰ ਲਗਾਈ ਗਈ, ਪਰ ਹਰ ਵਾਰ ਉਨ੍ਹਾਂ ਦੀ ਆਵਾਜ਼ ਨੂੰ ਅਣਡਿੱਠਾ ਕੀਤਾ ਗਿਆ, ਜਿਸ ਕਾਰਨ ਹੁਣ ਲੋਕਾਂ 'ਚ ਰੋਸ ਪਾਇਆ ਜਾ ਰਿਹਾ ਹੈ | ਇਸ ਮਾਮਲੇ ਨੂੰ ਲੈ ਕੇ ਸਮੂਹ ਨਗਰ ਨਿਵਾਸੀਆਂ ਵਲੋਂ 6 ਅਪ੍ਰੈਲ ਦਿਨ ਸੋਮਵਾਰ ਨੂੰ ਦੇਵੀਗੜ੍ਹ ਇਲਾਕੇ ਵਿਚ ਪੂਰਨ ਬਾਜ਼ਾਰ ਬੰਦ ਦਾ ਐਲਾਨ ਕੀਤਾ ਗਿਆ ਹੈ | ਇਸ ਦਿਨ ਸਵੇਰੇ ਤੋਂ ਹੀ ਦੁਕਾਨਾਂ, ਰੇਹੜੀਆਂ ਅਤੇ ਫੜ੍ਹੀਆਂ ਬੰਦ ਰਹਿਣਗੀਆਂ ਅਤੇ ਵੱਡੀ ਗਿਣਤੀ ਵਿਚ ਲੋਕ ਬੱਸ ਸਟੈਂਡ ਦੇਵੀਗੜ੍ਹ ਚੌਕ ਵਿਚ ਇਕੱਠੇ ਹੋ ਕੇ ਸ਼ਾਂਤਮਈ ਧਰਨਾ ਦੇਣਗੇ | ਇਹ ਬੰਦ ਜ਼ੁਲਕਾਂ, ਛੰਨਾਂ, ਭੰਬੂਆਂ, ਦੇਵੀਗੜ੍ਹ ਅੱਡਾ, ਦੇਵੀਗੜ੍ਹ ਪਿੰਡ, ਜੈਨਗਰ, ਰੁੜਕੀ ਅਤੇ ਕਪੂਰੀ ਸਮੇਤ ਸਾਰੇ ਇਲਾਕਿਆਂ ਤੋਂ ਸਹਿਯੋਗ ਲਿਆ ਜਾ ਰਿਹਾ ਹੈ | ਲੋਕਾਂ ਨੇ ਦੱਸਿਆ ਕਿ ਕਾਂਗਰਸ ਸਰਕਾਰ ਦੇ ਸਮੇਂ ਅੱਠ ਪਿੰਡਾਂ ਨੂੰ ਇਕੱਠਾ ਕਰਕੇ ਨਗਰ ਪੰਚਾਇਤ ਦੇਵੀਗੜ੍ਹ ਬਣਾਈ ਗਈ ਸੀ, ਪਰ ਇਹ ਪ੍ਰਣਾਲੀ ਪੇਂਡੂ ਜੀਵਨ ਲਈ ਬੋਝ ਸਾਬਤ ਹੋ ਰਹੀ ਹੈ | ਨਗਰ ਪੰਚਾਇਤ ਦੇ ਕਾਨੂੰਨ ਅਤੇ ਨਿਯਮ ਪਿੰਡਾਂ ਦੀ ਸਥਿਤੀ ਨਾਲ ਮੇਲ ਨਹੀਂ ਖਾਂਦੇ, ਜਿਸ ਕਾਰਨ ਆਮ ਲੋਕ ਬਿਨਾਂ ਵਜ੍ਹਾ ਕਾਗ਼ਜ਼ੀ ਕਾਰਵਾਈਆਂ ਅਤੇ ਦਬਾਅ ਹੇਠ ਆ ਰਹੇ ਹਨ | ਇਸ ਮੌਕੇ ਸਮਾਜ ਸੇਵੀ ਧਰਮਪਾਲ ਸ਼ਰਮਾ ਨੇ ਕਿਹਾ ਕਿ ਨਗਰ ਪੰਚਾਇਤ ਵਲੋਂ ਨਵੇਂ ਬਣੇ ਘਰਾਂ ਨੂੰ ਲਗਾਤਾਰ ਨੋਟਿਸ ਜਾਰੀ ਕਰਕੇ ਲੋਕਾਂ ਨੂੰ ਡਰਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਬਿਨਾਂ ਨਕਸ਼ਾ ਪਾਸ ਕਰਵਾਏ ਮਕਾਨ ਬਣਾਉਣ ਜਾ ਲੋੜੀਂਦੀ ਮੁਰੰਮਤ ਦੇ ਨਾਂ 'ਤੇ ਲੋਕਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਹੈ, ਜੋ ਕਿ ਬਿਲਕੁਲ ਅਨਿਆਏ ਹੈ | ਉਨ੍ਹਾਂ ਕਿਹਾ ਕਿ ਇਹ ਕਾਰਵਾਈ ਆਮ ਲੋਕਾਂ ਦੇ ਹੱਕਾਂ 'ਤੇ ਸਿੱਧਾ ਹਮਲਾ ਹੈ ਅਤੇ ਇਸ ਨਾਲ ਲੋਕਾਂ ਵਿਚ ਭਾਰੀ ਨਾਰਾਜ਼ਗੀ ਹੈ | ਉਨ੍ਹਾਂ ਹੋਰ ਦੱਸਿਆ ਕਿ ਇਸ ਮਾਮਲੇ 'ਤੇ ਸਮੂਹ ਭਾਈਚਾਰੇ ਨਾਲ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ ਹੀ ਸਾਰਿਆਂ ਦੀ ਸਹਿਮਤੀ ਨਾਲ ਇਹ ਫ਼ੈਸਲਾ ਲਿਆ ਗਿਆ ਹੈ ਕਿ 6 ਅਪ੍ਰੈਲ ਨੂੰ ਧਰਨਾ ਦਿੱਤਾ ਜਾਵੇ ਅਤੇ ਪੂਰਾ ਬਾਜ਼ਾਰ ਬੰਦ ਰੱਖਿਆ ਜਾਵੇ | ਉਨ੍ਹਾਂ ਅਪੀਲ ਕੀਤੀ ਕਿ ਹਰ ਵਰਗ ਦਾ ਵਿਅਕਤੀ ਇਸ ਸੰਘਰਸ਼ ਵਿਚ ਸ਼ਾਮਲ ਹੋ ਕੇ ਆਪਣੀ ਇਕਜੁਟਤਾ ਦਾ ਪ੍ਰਗਟਾਵਾਂ ਕੀਤਾ ਜਾਵੇ | ਵਸਨੀਕਾਂ ਨੇ ਇਹ ਵੀ ਕਿਹਾ ਕਿ ਮੁੱਖ ਮੰਤਰੀ ਦੇ ਹਾਲੀਆ ਦੌਰੇ ਦੌਰਾਨ ਇਹ ਮਾਮਲਾ ਖੁੱਲ੍ਹ ਕੇ ਸਾਹਮਣੇ ਨਹੀਂ ਆ ਸਕਿਆ, ਜਿਸ ਨਾਲ ਲੋਕਾਂ ਵਿਚ ਨਿਰਾਸ਼ਾ ਹੋਰ ਵਧ ਗਈ ਹੈ | ਹੁਣ ਲੋਕ ਸਪਸ਼ਟ ਤੌਰ 'ਤੇ ਮੰਗ ਕਰ ਰਹੇ ਹਨ ਕਿ ਨਗਰ ਪੰਚਾਇਤ ਨੂੰ ਖ਼ਤਮ ਕਰਕੇ ਮੁੜ ਗਰਾਮ ਪੰਚਾਇਤ ਪ੍ਰਣਾਲੀ ਲਾਗੂ ਕੀਤੀ ਜਾਵੇ, ਤਾਂ ਜੋ ਪੇਂਡੂ ਲੋਕਾਂ ਨੂੰ ਰਾਹਤ ਮਿਲ ਸਕੇ | ਅਖੀਰ ਵਿਚ ਸਮੂਹ ਨਗਰ ਨਿਵਾਸੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਸਰਕਾਰ ਨੇ ਸਮੇਂ ਸਿਰ ਲੋਕਾਂ ਦੀ ਮੰਗ 'ਤੇ ਧਿਆਨ ਨਾ ਦਿੱਤਾ, ਤਾਂ ਇਹ ਸੰਘਰਸ਼ ਹੋਰ ਵੀ ਤਿੱਖਾ ਕੀਤਾ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਰਾਜਪਾਲ ਕਟਾਰੀਆ ਨਾਲ ਸਾਬਕਾ ਮੰਤਰੀ ਡਾ. ਹਰਬੰਸ ਲਾਲ ਵਲੋਂ ਵਫ਼ਦ ਸਮੇਤ ਮੁਲਾਕਾਤ ਅਗਲੀ ਖ਼ਬਰ ਨਰਸਿੰਗ ਸਟਾਫ਼ ਵਲੋਂ ਕੀਤਾ ਪ੍ਰਤੀਕਾਤਮਿਕ ਪ੍ਰਦਰਸ਼ਨ
Ad Position 24