ਪਟਿਆਲਾ, 4 ਅਪ੍ਰੈਲ (ਗੁਰਪ੍ਰੀਤ ਸਿੰਘ ਚੱਠਾ)-ਪੰਜਾਬ ਦੇ ਮੌਜੂਦਾ ਸਿਆਸੀ ਹਾਲਾਤ ਅਤੇ ਮੰਡੀਕਰਨ ਪ੍ਰਣਾਲੀ ਨੂੰ ਲੈ ਕੇ ਸੀਨੀਅਰ ਕਾਂਗਰਸੀ ਆਗੂ ਰਿਚੀ ਡਕਾਲਾ ਨੇ ਮੁੱਖ ਮੰਤਰੀ ਭਗਵੰਤ ਮਾਨ 'ਤੇ ਤਿੱਖੇ ਨਿਸ਼ਾਨੇ ਸਾਧੇ ਹਨ | ਰਿਚੀ ਡਕਾਲਾ ਨੇ ਕਿਹਾ ਕਿ ਸਾਢੇ ਚਾਰ ਸਾਲ ਦਾ ਲੰਬਾ ਸਮਾਂ ਬੀਤ ਜਾਣ ਤੋਂ ਬਾਅਦ ਹੁਣ ਚੋਣਾਂ ਨੇੜੇ ਦੇਖ ਕੇ ਮੁੱਖ ਮੰਤਰੀ ਨੂੰ ਪਟਿਆਲਾ ਦਿਹਾਤੀ ਦੇ ਲੋਕਾਂ ਅਤੇ ਇੱਥੋਂ ਦੇ ਵਿਕਾਸ ਦੀ ਯਾਦ ਆਈ ਹੈ, ਜਦਕਿ ਪਿਛਲੇ ਸਮੇਂ ਦੌਰਾਨ ਇਸ ਇਲਾਕੇ ਨੂੰ ਪੂਰੀ ਤਰ੍ਹਾਂ ਅਣਗੌਲਿਆ ਕੀਤਾ ਗਿਆ | ਆੜ੍ਹਤੀਆਂ ਦੇ ਮਸਲੇ 'ਤੇ ਬੋਲਦਿਆਂ ਰਿਚੀ ਡਕਾਲਾ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਆੜ੍ਹਤੀਆਂ ਨਾਲ ਵੱਡੇ-ਵੱਡੇ ਵਾਅਦੇ ਕੀਤੇ ਸਨ, ਪਰ ਸੱਤਾ ਵਿਚ ਆਉਂਦਿਆਂ ਹੀ ਸਰਕਾਰ ਆਪਣੇ ਵਾਅਦਿਆਂ ਤੋਂ ਮੁੱਕਰ ਗਈ ਹੈ | ਉਨ੍ਹਾਂ ਕਿਹਾ, ਅਸੀਂ ਮੁੱਖ ਮੰਤਰੀ ਨੂੰ ਆੜ੍ਹਤੀਆਂ ਨਾਲ ਕੀਤੇ ਉਹ ਵਾਅਦੇ ਯਾਦ ਕਰਵਾਵਾਂਗੇ, ਜੋ ਉਨ੍ਹਾਂ ਨੇ ਅਕਤੂਬਰ 2024 ਵੇਲੇ ਕੀਤੇ ਸਨ, ਜਿਸ ਵਿਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਸੀ ਕਿ ਆੜ੍ਹਤੀਆ ਨੂੰ ਪੂਰੀ 2.5 ਫ਼ੀਸਦੀ ਆੜ੍ਹਤ ਦਿੱਤੀ ਜਾਵੇਗੀ, ਜੇਕਰ ਕੇਂਦਰ ਸਰਕਾਰ ਇਸ ਤੋਂ ਘੱਟ ਆੜ੍ਹਤ ਦੇਵੇਗੀ ਤਾਂ ਹਰੇਕ ਆੜ੍ਹਤੀ ਨੂੰ ਬਕਾਇਆ ਰਾਸ਼ੀ ਪੰਜਾਬ ਸਰਕਾਰ ਵਲੋਂ ਦਿੱਤੀ ਜਾਵੇਗੀ ਪਰ ਇਸ ਦੇ ਉਲਟ ਅੱਜ ਪੰਜਾਬ ਦਾ ਆੜ੍ਹਤੀ ਖ਼ੁਦ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਿਹਾ ਹੈ | ਰਿਚੀ ਡਕਾਲਾ ਨੇ ਅੰਕੜਿਆਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਗੁਆਂਢੀ ਹੋਰਨਾਂ ਰਾਜਾਂ ਵਿਚ ਆੜ੍ਹਤ ਦੀ ਦਰ ਪੰਜਾਬ ਨਾਲੋਂ ਹਾਲੇ ਵੀ ਜ਼ਿਆਦਾ ਹੈ | ਉਨ੍ਹਾਂ ਸਵਾਲ ਕੀਤਾ ਕਿ ਜੇਕਰ ਸਰਕਾਰ ਪੰਜਾਬ ਨੂੰ 'ਰੰਗਲਾ ਪੰਜਾਬ' ਬਣਾਉਣ ਦੇ ਦਾਅਵੇ ਕਰਦੀ ਹੈ, ਤਾਂ ਫਿਰ ਇੱਥੋਂ ਦੇ ਵਪਾਰੀ ਅਤੇ ਆੜ੍ਹਤੀ ਹਰਿਆਣੇ ਦੇ ਮੁਕਾਬਲੇ ਪਛੜ ਕਿਉਂ ਰਹੇ ਹਨ? ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਪੰਜਾਬ ਦਾ ਵਪਾਰ ਲਗਾਤਾਰ ਗਿਰਾਵਟ ਵੱਲ ਜਾ ਰਿਹਾ ਹੈ | ਉਨ੍ਹਾਂ ਅੱਗੇ ਕਿਹਾ ਕਿ ਪਟਿਆਲਾ ਦਿਹਾਤੀ ਦੇ ਲੋਕ ਬਹੁਤ ਸਿਆਣੇ ਹਨ ਅਤੇ ਉਹ ਸਮਝ ਚੁੱਕੇ ਹਨ ਕਿ ਸਾਢੇ ਚਾਰ ਸਾਲ ਦੀ ਗੈਰ-ਹਾਜ਼ਰੀ ਤੋਂ ਬਾਅਦ ਹੁਣ ਮੁੱਖ ਮੰਤਰੀ ਦਾ ਇੱਥੇ ਆਉਣਾ ਸਿਰਫ ਇਕ ਚੋਣ ਸਟੰਟ ਹੈ | ਲੋਕਾਂ ਦੀਆਂ ਬੁਨਿਆਦੀ ਸਹੂਲਤਾਂ ਅਤੇ ਕਿਸਾਨੀ-ਵਪਾਰੀ ਮਸਲਿਆਂ ਨੂੰ ਹੱਲ ਕਰਨ ਵਿਚ ਇਹ ਸਰਕਾਰ ਪੂਰੀ ਤਰ੍ਹਾਂ ਨਾਕਾਮ ਸਾਬਤ ਹੋਈ ਹੈ | ਰਿਚੀ ਡਕਾਲਾ ਨੇ ਚੇਤਾਵਨੀ ਦਿੱਤੀ ਕਿ ਕਾਂਗਰਸ ਪਾਰਟੀ ਆਉਣ ਵਾਲੇ ਦਿਨਾਂ ਵਿਚ ਸਰਕਾਰ ਦੀਆਂ ਇਨ੍ਹਾਂ ਨਾਕਾਮੀਆਂ ਨੂੰ ਘਰ-ਘਰ ਲੈ ਕੇ ਜਾਵੇਗੀ ਅਤੇ ਲੋਕਾਂ ਨੂੰ ਸਰਕਾਰ ਦੇ ਝੂਠੇ ਵਾਅਦਿਆਂ ਤੋਂ ਜਾਣੂ ਕਰਵਾਏਗੀ |