ਸਮਾਣਾ, 19 ਅਪ੍ਰੈਲ (ਸਾਹਿਬ ਸਿੰਘ)-ਸਮਾਣਾ ਹਲਕੇ ਦੇ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਨੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਵਲੋਂ ਜਾਗਤ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ (ਸੋਧ) ਬਿੱਲ 2026 'ਤੇ ਦਸਤਖ਼ਤ ਕਰਨ 'ਤੇ ਖ਼ੁਸ਼ੀ ਪ੍ਰਗਟਾਈ ਹੈ | ਇਸ ਨਾਲ ਬਿੱਲ ਹੁਣ ਪੂਰਾ ਕਾਨੂੰਨ ਬਣ ਗਿਆ ਹੈ | ਉਨ੍ਹਾਂ ਆਖਿਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਗੰਭੀਰ ਯਤਨਾਂ ਕਾਰਨ ਬਿੱਲ ਪਹਿਲੀਆਂ ਸਰਕਾਰਾਂ ਦੇ ਬਿੱਲਾਂ ਵਾਂਗ ਲਟਕਿਆ ਨਹੀਂ ਹੈ | ਵਿਧਾਇਕ ਜੌੜਾਮਾਜਰਾ ਨੇ ਕਿਹਾ ਕਿ ਇਹ ਇਤਿਹਾਸਕ ਕਦਮ ਹੈ ਜਿਸ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਲਈ ਸਖ਼ਤ ਤੋਂ ਸਖ਼ਤ ਸਜ਼ਾਵਾਂ ਯਕੀਨੀ ਬਣਾਈਆਂ ਗਈਆਂ ਹਨ | ਉਨ੍ਹਾਂ ਆਖਿਆ ਕਿ ਬਿੱਲ ਵਿਚ ਬੇਅਦਬੀ ਲਈ ਘੱਟੋ-ਘੱਟ 7-10 ਸਾਲ ਤੋਂ ਉਮਰ ਕੈਦ ਤੱਕ ਸਜ਼ਾ ਅਤੇ 2 ਲੱਖ ਤੋਂ 25 ਲੱਖ ਰੁਪਏ ਤੱਕ ਜੁਰਮਾਨਾ ਰੱਖਿਆ ਗਿਆ ਹੈ | ਡਿਜੀਟਲ ਬੇਅਦਬੀ ਅਤੇ ਸਾਜ਼ਿਸ਼ ਵਿਚ ਸ਼ਾਮਲ ਵਿਅਕਤੀਆਂ ਲਈ ਵੀ ਬਰਾਬਰ ਸਜ਼ਾ ਦਾ ਪ੍ਰਬੰਧ ਹੈ | ਵਿਧਾਇਕ ਨੇ ਸਮਾਣਾ ਮੋਰਚੇ ਵਿਚ ਬੈਠੀਆਂ ਸੰਗਤਾਂ ਅਤੇ ਗੁਰੂ ਸਾਹਿਬਾਨ ਦੀ ਕਿਰਪਾ ਨੂੰ ਯਾਦ ਕੀਤਾ ਅਤੇ ਕਿਹਾ ਕਿ ਇਸ ਬਿੱਲ ਨਾਲ ਸਿੱਖ ਭਾਈਚਾਰੇ ਵਿਚ ਤਸੱਲੀ ਪ੍ਰਗਟ ਕੀਤੀ ਜਾ ਰਹੀ ਹੈ |