ਸਨੌਰ, 19 ਅਪ੍ਰੈਲ (ਸੋਖਲ)-ਪੰਜਾਬ ਵਿਚ ਪਵਿੱਤਰ ਗ੍ਰੰਥਾਂ ਦੀ ਬੇਅਦਬੀ ਵਿਰੁੱਧ ਲਿਆਂਦਾ ਗਿਆ ਬਿੱਲ ਹੁਣ ਕਾਨੂੰਨ ਬਣ ਗਿਆ ਹੈ | ਪੰਜਾਬ ਦੇ ਰਾਜਪਾਲ ਦੀ ਮਨਜ਼ੂਰੀ ਤੋਂ ਬਾਅਦ ਇਹ ਕਾਨੂੰਨ ਲਾਗੂ ਹੋ ਚੁੱਕਾ ਹੈ, ਜਿਸ ਨੰੂ ਧਾਰਮਿਕ ਆਸਥਾ ਅਤੇ ਮਰਿਆਦਾ ਦੀ ਰੱਖਿਆ ਵੱਲ ਇਕ ਇਤਿਹਾਸਕ ਕਦਮ ਮੰਨਿਆ ਜਾ ਰਿਹਾ ਹੈ | ਇਹ ਗੱਲ ਕਰਦਿਆਂ ਹਲਕਾ ਸਨੌਰ ਤੋਂ ਸੀਨੀਅਰ 'ਆਪ' ਆਗੂ ਇੰਦਰਜੀਤ ਸਿੰਘ ਸੰਧੂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਵਿਧਾਨ ਸਭਾ ਵਿਚ ਪੇਸ਼ ਕੀਤਾ ਗਿਆ ਇਹ ਬਿੱਲ ਹੁਣ ਕਾਨੂੰਨੀ ਰੂਪ ਵਿਚ ਲਾਗੂ ਹੋ ਗਿਆ ਹੈ, ਜੋ ਸੂਬੇ ਵਿਚ ਕਾਨੂੰਨ-ਵਿਵਸਥਾ ਅਤੇ ਧਾਰਮਿਕ ਸਨਮਾਨ ਨੂੰ ਹੋਰ ਮਜ਼ਬੂਤ ਕਰੇਗਾ | ਸੰਧੂ ਨੇ ਕਿਹਾ ਕਿ ਅੱਜ, ਲਗਭਗ 11 ਸਾਲ ਬਾਅਦ, 'ਆਪ' ਦੇ ਮੁੱਖ ਮੰਤਰੀ ਦੀ ਸੋਚ ਕਰਕੇ ਕਾਨੂੰਨ ਬਣਨਾ ਸਾਬਤ ਕਰਦਾ ਹੈ ਕਿ ਉਨ੍ਹਾਂ ਦਾ ਫ਼ੈਸਲਾ 'ਆਪ' ਨਾਲ ਜੁੜਨ ਦਾ ਸਹੀ ਸੀ | ਉਨ੍ਹਾਂ ਮੁੱਖ ਮੰਤਰੀ, ਵਿਧਾਨ ਸਭਾ ਮੈਂਬਰਾਂ ਅਤੇ ਰਾਜਪਾਲ ਦਾ ਧੰਨਵਾਦ ਕੀਤਾ |