ਪਟਿਆਲਾ, 23 ਅਪ੍ਰੈਲ (ਅ.ਸ. ਆਹਲੂਵਾਲੀਆ)-ਪੀ.ਆਰ.ਟੀ.ਸੀ. ਦੇ ਚੇਅਰਮੈਨ ਹਰਪਾਲ ਜੁਨੇਜਾ ਨੇ ਪੀ.ਆਰ.ਟੀ.ਸੀ. ਦੀ ਤਰੱਕੀ ਤੇ ਬਿਹਤਰੀ ਅਤੇ ਆਮ ਜਨਤਾ ਨੂੰ ਵਧੀਆ ਸਫ਼ਰ ਸਹੂਲਤ ਮੁਹੱਈਆ ਕਰਵਾਉਣ ਲਈ ਡੀਪੂਆਂ ਦੇ ਡਿਊਟੀ ਇੰਸਪੈਕਟਰਾਂ ਅਤੇ ਟਾਈਮ ਟੇਬਲ ਇੰਸਪੈਕਟਰਾਂ ਨਾਲ ਮੀਟਿੰਗ ਕੀਤੀ | ਚੇਅਰਮੈਨ ਜੁਨੇਜਾ ਨੇ ਕਿਹਾ ਕਿ ਪੀ.ਆਰ.ਟੀ.ਸੀ ਦੀ ਬਿਹਤਰੀ ਲਈ ਕਰਮਚਾਰੀਆਂ ਨੂੰ ਡਿਊਟੀ ਇਮਾਨਦਾਰੀ ਨਾਲ ਕਰਨ ਪ੍ਰਤੀ ਪ੍ਰੇਰਿਤ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਵਲੋਂ ਹਰੀ ਝੰਡੀ ਦੇ ਕੇ ਹਾਲ ਹੀ ਵਿੱਚ ਪੀ.ਆਰ.ਟੀ.ਸੀ ਦੇ ਬੇੜੇ ਵਿਚ ਨਵੀਆਂ ਬੱਸਾਂ ਨੂੰ ਸ਼ਾਮਿਲ ਕੀਤਾ ਗਿਆ, ਜਿਸ ਅਨੁਸਾਰ ਇਨ੍ਹਾਂ ਨਵੀਆਂ ਬੱਸਾਂ ਨੂੰ ਬੰਦ ਪਏ ਰੂਟ ਅਤੇ ਸਵਾਰੀਆਂ ਨੂੰ ਵਧੀਆਂ ਸਫ਼ਰ ਸਹੂਲਤ ਮੁਹੱਈਆ ਕਰਵਾਉਣ ਲਈ ਵੱਖ-ਵੱਖ ਰੂਟਾਂ 'ਤੇ ਚਲਾਇਆ ਜਾ ਰਿਹਾ ਹੈ ਤਾਂ ਜੋ ਆਮ ਜਨਤਾ ਨੂੰ ਬਿਹਤਰ ਬੱਸ ਸਰਵਿਸ ਮੁਹੱਈਆ ਕਰਵਾਈ ਜਾ ਸਕੇ | ਉਨ੍ਹਾਂ ਕਿਹਾ ਕਿ ਪਹਿਲਾਂ ਬੱਸਾਂ ਦੀ ਘਾਟ ਕਾਰਨ ਪੀ.ਆਰ.ਟੀ.ਸੀ ਦੇ ਰੋਜ਼ਾਨਾ 44500 ਕਿੱਲੋਮੀਟਰ ਨਹੀਂ ਚਲ ਪਾਉਂਦੇ | ਹੁਣ ਇਨ੍ਹਾਂ ਨਵੀਆਂ ਬੱਸਾਂ ਦੇ ਆਉਣ ਨਾਲ ਮਿਸ ਹੁੰਦੇ ਕਿੱਲੋਮੀਟਰਾਂ ਵਿਚੋਂ 33000 ਕਿੱਲੋਮੀਟਰ ਰੋਜ਼ਾਨਾ ਕਵਰ ਕੀਤੇ ਜਾ ਰਹੇ ਹਨ ਅਤੇ ਬਾਕੀ ਦੇ ਮਿਸ ਕਿੱਲੋਮੀਟਰ ਵੀ ਬੰਦ ਪਏ ਰੂਟ ਚਲਾਕੇ ਕਵਰ ਕਰਵਾ ਦਿੱਤੇ ਜਾਣਗੇ | ਇਸ ਮੌਕੇ 'ਤੇ ਪੀ.ਆਰ.ਟੀ.ਸੀ. ਵਾਈਸ ਚੇਅਰਮੈਨ ਬਲਵਿੰਦਰ ਸਿੰਘ ਝਾੜਵਾਂ ਵਧੀਕ ਮੈਨੇਜਿੰਗ ਡਾਇਰੈਕਟਰ ਨਵਦੀਪ ਕੁਮਾਰ, ਜਨਰਲ ਮੈਨੇਜਰ (ਓਪਰੇਸ਼ਨ) ਅਮਨਵੀਰ ਸਿੰਘ ਟਿਵਾਣਾ ਅਤੇ ਪੀ.ਆਰ.ਟੀ.ਸੀ. ਦੇ ਡੀਪੂਆਂ ਦੇ ਹੋਰ ਅਧਿਕਾਰੀ, ਕਰਮਚਾਰੀ ਵੀ ਹਾਜ਼ਰ ਸਨ |