ਭਾਦਸੋਂ, 23 ਅਪ੍ਰੈਲ (ਪ੍ਰਦੀਪ ਦੰਦਰਾਲਾ)-ਅੱਜ ਦਾ ਯੁੱਗ ਟੈਕਨਾਲੋਜੀ ਦਾ ਯੁੱਗ ਹੈ ਅਤੇ ਇਸ ਦਾ ਸਭ ਤੋਂ ਜ਼ਿਆਦਾ ਪ੍ਰਭਾਵ ਅੱਜ ਸਾਡੇ ਬੱਚਿਆਂ 'ਤੇ ਪੈ ਰਿਹਾ ਹੈ | ਇਸ ਪ੍ਰਭਾਵ ਸਦਕਾ ਵਿਦਿਆਰਥੀ ਪੜ੍ਹਾਈ ਦੇ ਨਾਲ-ਨਾਲ ਨੈਤਿਕ ਕਦਰਾਂ ਕੀਮਤਾਂ ਤੋਂ ਵੀ ਦੂਰ ਹੁੰਦੇ ਜਾ ਰਹੇ ਹਨ | ਰਵਾਇਤੀ ਸਿੱਖਿਆ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਨੈਤਿਕ ਕਦਰਾਂ ਕੀਮਤਾਂ ਦੇ ਧਾਰਨੀ ਹੋਣਾ ਬਹੁਤ ਜ਼ਰੂਰੀ ਹੈ | ਇਸ ਵਿਸ਼ੇ ਸੰਬੰਧੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੰਦਰਾਲਾ ਢੀਂਡਸਾ ਵਿਖੇ ਇਕ ਸੈਮੀਨਾਰ ਕਰਵਾਇਆ ਗਿਆ | ਇਸ ਸੈਮੀਨਾਰ ਵਿਚ ਸੁਰਿੰਦਰ ਕੁਮਾਰ ਸਬ-ਇੰਸਪੈਕਟਰ ਇੰਚਾਰਜ ਪੁਲਿਸ ਸਾਂਝ ਕੇਂਦਰ ਨਾਭਾ ਅਤੇ ਉਨ੍ਹਾਂ ਦੇ ਨਾਲ ਸੁਭਾਸ਼ ਬਾਂਸਲ ਮੈਂਬਰ ਪੁਲਿਸ ਸਾਂਝ ਕੇਂਦਰ ਨਾਭਾ ਰਿਟਾਇਰਡ ਬੈਂਕ ਮੈਨੇਜਰ ਪੀ.ਐਨ.ਬੀ. ਵਿਸ਼ੇਸ਼ ਤੌਰ 'ਤੇ ਪਹੁੰਚੇ | ਉਨ੍ਹਾਂ ਵਲੋਂ ਵਿਦਿਆਰਥੀਆਂ ਨਾਲ ਨੈਤਿਕ ਕਦਰਾਂ ਕੀਮਤਾਂ ਵਿਸ਼ੇ 'ਤੇ ਵਾਰਤਾਲਾਪ ਕੀਤੀ ਗਈ ਅਤੇ ਉਨ੍ਹਾਂ ਨੂੰ ਪ੍ਰੇਰਿਤ ਕਰਨ ਦੇ ਲਈ ਕੁੱਝ ਵੀਡੀਓ ਵੀ ਦਿਖਾਈਆਂ ਗਈਆਂ | ਇਸ ਦੇ ਰਾਹੀਂ ਵਿਦਿਆਰਥੀਆਂ ਨੂੰ ਦੱਸਿਆ ਗਿਆ ਕਿ ਉਨ੍ਹਾਂ ਦੇ ਮਾਪੇ ਆਪਣੇ ਬੱਚਿਆਂ ਦੀ ਖ਼ੁਸ਼ੀ, ਤਰੱਕੀ ਅਤੇ ਸਫਲਤਾ ਲਈ ਕਿਸ ਤਰ੍ਹਾਂ ਮਿਹਨਤ ਅਤੇ ਤਿਆਗ ਕਰਦੇ ਹਨ | ਉਨ੍ਹਾਂ ਨੂੰ ਹਮੇਸ਼ਾ ਆਪਣੇ ਮਾਤਾ-ਪਿਤਾ, ਦਾਦਾ ਦਾਦੀ, ਚਾਚਾ ਚਾਚੀ ਅਤੇ ਆਪਣੇ ਅਧਿਆਪਕਾਂ ਦਾ ਸਤਿਕਾਰ ਕਰਨਾ, ਉਨ੍ਹਾਂ ਦਾ ਕਹਿਣਾ ਮੰਨਣਾ ਅਤੇ ਉਨ੍ਹਾਂ ਦੀ ਸੇਵਾ ਕਰਨੀ ਚਾਹੀਦੀ ਹੈ | ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਟਰੈਫ਼ਿਕ ਨਿਯਮਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ | ਅਖੀਰ ਵਿਚ ਵਿਦਿਆਰਥੀਆਂ ਨੂੰ ਆਪਣੇ ਮਾਤਾ-ਪਿਤਾ ਤੇ ਅਧਿਆਪਕਾਂ ਦਾ ਹੋਰ ਜ਼ਿਆਦਾ ਸਤਿਕਾਰ ਕਰਨ ਲਈ ਸਹੁੰ ਵੀ ਚੁਕਾਈ ਗਈ | ਸਕੂਲ ਦੇ ਇੰਚਾਰਜ ਸ੍ਰੀਮਤੀ ਦਲਜੀਤ ਕੌਰ ਵਲੋਂ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ ਅਤੇ ਧੰਨਵਾਦ ਕੀਤਾ ਗਿਆ | ਇਸ ਮੌਕੇ ਧਰਮਿੰਦਰ ਸਿੰਘ, ਸੁਖਵਿੰਦਰ ਸਿੰਘ, ਸ੍ਰੀਮਤੀ ਮਨਜੀਤ ਕੌਰ, ਸ੍ਰੀਮਤੀ ਜਗਦੀਪ ਕੌਰ ਆਦਿ ਲੈਕਚਰਾਰ ਵੀ ਹਾਜ਼ਰ ਸਨ |