ਪਟਿਆਲਾ, 24 ਅਪ੍ਰੈਲ (ਕੁਲਵੀਰ ਸਿੰਘ ਧਾਲੀਵਾਲ)-ਪਿਛਲੇ ਲੰਮੇ ਸਮੇਂ ਤੋਂ ਚੱਲ ਰਿਹਾ ਸਮਾਣਾ ਟਾਵਰ ਮੋਰਚਾ ਪੰਜਾਬ ਸਰਕਾਰ ਦੁਆਰਾ ਬੇਅਦਬੀ ਵਿਰੁੱਧ ਸਖ਼ਤ ਕਾਨੂੰਨ ਬਣਾਏ ਜਾਣ ਉਪਰੰਤ ਅੱਜ ਖ਼ਤਮ ਹੋ ਗਿਆ | ਜਿਸ ਵਿਚ ਵੱਖ-ਵੱਖ ਜਥੇਬੰਦੀਆਂ ਤੋਂ ਇਲਾਵਾ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵਲੋਂ ਵੀ ਸਮਰਥਨ ਦਿੱਤਾ ਜਾ ਰਿਹਾ ਸੀ | ਬਲਾਕ ਪ੍ਰਧਾਨ ਸਨੌਰ ਹਰਮੇਲ ਸਿੰਘ ਨੂਰਖੇੜੀਆ ਨੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਵਲੋਂ ਇਸ ਮੋਰਚੇ ਨੂੰ ਭਰਪੂਰ ਸਮਰਥਨ ਦਿੱਤਾ ਗਿਆ ਸੀ ਅਤੇ ਅੱਜ ਮੋਰਚੇ ਦੀ ਸਮਾਪਤੀ ਉਪਰੰਤ ਉਨ੍ਹਾਂ ਦਾ ਜਥਾ ਵਾਪਸ ਮੁੜਿਆ ਹੈ | ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਬੇਅਦਬੀ ਸੰਬੰਧੀ ਸਖ਼ਤ ਕਾਨੂੰਨ ਬਣਾਏ ਗਏ ਹਨ ਜੋ ਕਿ ਇਸ ਮੋਰਚੇ ਦੇ ਸੰਘਰਸ਼ ਦਾ ਨਤੀਜਾ ਹਨ | ਇਸ ਮੌਕੇ ਰਾਮ ਆਸਰਾ ਸਿੰਘ ਇਕਾਈ ਪ੍ਰਧਾਨ, ਸੁਖਵਿੰਦਰ ਸਿੰਘ ਕੈਸ਼ੀਅਰ, ਗੁਰਮੀਤ ਸਿੰਘ ਮੀਤ ਪ੍ਰਧਾਨ ਅਤੇ ਹੋਰ ਕਿਸਾਨ ਆਗੂ ਮੌਜੂਦ ਸਨ |