ਪਾਤੜਾਂ, 25 ਅਪ੍ਰੈਲ (ਜਗਦੀਸ਼ ਸਿੰਘ ਕੰਬੋਜ)-ਸ਼ੁਤਰਾਣਾ ਕੋਲ ਭਾਖੜਾ ਨਹਿਰ ਦੇ ਪੁਲਾਂ ਉਪਰ ਨਵੇਂ ਬਣੇ ਦਿੱਲੀ ਜੰਮੂ ਕਟੜਾ ਨੈਸ਼ਨਲ ਹਾਈਵੇ ਨੂੰ ਭਾਰੀ ਬੈਰੀਕੇਡਿੰਗ ਅਤੇ ਕਬਾੜ ਹੋਏ ਟਿਪਰ ਲਗਾ ਕੇ ਆਉਣ ਜਾਣ ਲਈ ਬੰਦ ਕਰ ਦਿੱਤਾ ਸੀ ਜਿਸ ਨੂੰ ਅੱਜ ਕੰਪਨੀ ਵਲੋਂ ਭੇਜੀ ਜੇਸੀਬੀ ਮਸ਼ੀਨ ਨਾਲ ਮੁੜ ਚਾਲੂ ਕਰ ਦਿੱਤਾ ਗਿਆ ਹੈ | ਪੰਜਾਬੀਆਂ ਲਈ ਸਟ੍ਰੇਟ ਆਫ ਹਾਰਮੁਜ ਬਣੇ ਦਿੱਲੀ ਜੰਮੂ ਕਟੜਾ ਹਾਈਵੇ ਦੇ ਚਾਲੂ ਹੋਣ ਨਾਲ ਪੰਜਾਬ ਦੇ ਲਗਭਗ ਛੇ ਜ਼ਿਲਿ੍ਹਆਂ ਦੇ ਲੋਕਾਂ ਨੂੰ ਸੁਖ ਦਾ ਸਾਹ ਆਵੇਗਾ, ਜਿਹੜੇ ਅੰਮਿ੍ਤਸਰ, ਲੁਧਿਆਣਾ, ਮਲੇਰਕੋਟਲਾ, ਬਰਨਾਲਾ, ਸੰਗਰੂਰ, ਪਟਿਆਲਾ ਆਦਿ ਜਿਲਿ੍ਹਆਂ ਤੋਂ ਦਿੱਲੀ ਆਉਣ ਜਾਣ ਲਈ ਇਸ ਹਾਈਵੇ ਰਾਹੀਂ ਜਾਣਾ ਚਾਹੁੰਦੇ ਹਨ ਕਿਉਂਕਿ ਇਸ ਹਾਈਵੇ ਦੇ ਸ਼ੁਤਰਾਣਾ ਕੋਲ ਭਾਖੜਾ ਨਹਿਰ ਦੇ ਪੁਲਾਂ ਤੋਂ ਬੰਦ ਹੋਣ ਕਾਰਨ ਮਲੇਰਕੋਟਲਾ ਅਤੇ ਭਵਾਨੀਗੜ੍ਹ ਅਤੇ ਦਿੱਲੀ ਤੋਂ ਆਉਂਦੇ ਪਿੰਡ ਠਰੂਆ ਤੋਂ ਸੜਕ 'ਤੇ ਚੜ੍ਹਨ ਵਾਲੇ ਰਾਹਗੀਰਾਂ ਨੂੰ ਸ਼ੁਤਰਾਣਾ ਦੇ ਭਾਖੜਾ ਨਹਿਰ ਤੋਂ ਅਚਾਨਕ ਵਾਪਸ ਮੁੜਨਾ ਪੈਂਦਾ ਸੀ ਜਿਸ ਕਾਰਨ ਦੋਵੇਂ ਪਾਸੇ ਵਾਪਸ ਮੁੜ ਰਹੀਆਂ ਗੱਡੀਆਂ ਨੂੰ ਬਾਰਾਂ ਤੇਰਾਂ ਕਿਲੋਮੀਟਰ ਵਾਪਸ ਜਾਣ ਨਾਲ ਜਿੱਥੇ ਸਮਾਂ ਖਰਾਬ ਹੁੰਦਾ ਸੀ, ਉਥੇ ਮਹਿੰਗੇ ਭਾਅ ਦੇ ਖਰੀਦੇ ਤੇਲ ਦਾ ਨੁਕਸਾਨ ਵੀ ਹੁੰਦਾ ਸੀ ਅਤੇ ਲੱਖਾਂ ਰਾਹਗੀਰਾਂ ਨੂੰ ਰਾਤ ਵੇਲੇ ਮੁਸ਼ਿਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਕਿਉਂਕਿ ਰਾਤ ਵੇਲੇ ਨਹਿਰ ਦੇ ਸੁੰਨ ਸਾਨ ਪੁਲ 'ਤੇ ਕਦੇ ਵੀ ਲੁੱਟ ਖੋਹ ਦੀ ਵਾਰਦਾਤ ਹੋਣ ਹੋਣ ਦਾ ਖਤਰਾ ਵੀ ਬਣਿਆ ਰਹਿੰਦਾ ਸੀ | ਸਥਾਨਕ ਲੋਕਾਂ ਦੇ ਦੱਸਣ ਮੁਤਾਬਿਕ ਪਿਛਲੇ ਢਾਈ ਮਹੀਨੇ ਤੋਂ ਬੰਦ ਕੀਤੇ ਇਸ ਹਾਈਵੇ ਦੇ ਖੁੱਲਣ ਨਾਲ ਪੰਜਾਬ ਵਾਸੀਆਂ ਲਈ ਦਿੱਲੀ ਬਹੁਤੀ ਦੂਰ ਨਹੀਂ ਰਹਿਣੀ ਕਿਉਂਕਿ ਇਸ ਦੇ ਖੁੱਲ੍ਹਣ ਨਾਲ ਪੰਜਾਬ ਤੋਂ ਦਿੱਲੀ ਜਾਣ ਲਈ 5 ਘੰਟੇ ਦਾ ਲਗਦਾ ਸਮਾਂ ਮਹਿਜ ਢਾਈ ਢਾਈ ਘੰਟੇ ਹੀ ਲੱਗਿਆ ਕਰੇਗਾ |