ਆਲਮਗੀਰ, 25 ਅਪ੍ਰੈਲ (ਜਰਨੈਲ ਸਿੰਘ ਪੱਟੀ)-ਸਮਾਜ ਅੰਦਰ ਵਧ ਰਹੀ ਮੋਟਾਪੇ ਦੀ ਭਿਆਨਕ ਬਿਮਾਰੀ ਦੀ ਗੰਭੀਰਤਾ ਤੋਂ ਚਿੰਤਤ ਮੈਸ਼ ਪ੍ਰੋਲਾਈਫ ਹਸਪਤਾਲ ਗਿੱਲ ਲੁਧਿਆਣਾ ਵਲੋਂ ਸ਼ੁਰੂ ਕੀਤੀ ਗਈ ਮੋਟਾਪਾ ਮੁਕਤ ਪੰਜਾਬ ਮੁਹਿੰਮ ਤਹਿਤ ਲੋਕਾਂ ਵਿਚ ਜਾਗਰੂਕਤਾ ਫੈਲਾਉਣ ਲਈ ਇਕ ਵਿਸ਼ੇਸ਼ ਟਾਕ ਸ਼ੋਅ ਪਟਿਆਲਾ ਕਲੱਬ ਪਟਿਆਲਾ ਵਿਖੇ ਅੱਜ ਦਿਨ ਐਤਵਾਰ ਨੂੰ ਦੁਪਹਿਰ 12 ਵਜੇ ਤੋਂ 2 ਵਜੇ ਤੱਕ ਹੋਵੇਗਾ | ਟਾਕ ਸ਼ੋਅ ਦੌਰਾਨ ਮੋਟਾਪੇ ਨਾਲ ਸੰਬੰਧਿਤ ਹਰ ਪੱਖ ਬਾਰੇ ਜਾਣਕਾਰੀ ਦਿੱਤੀ ਜਾਵੇਗੀ, ਤਾਂ ਜੋ ਲੋਕ ਸਮੇਂ ਰਹਿੰਦੇ ਇਸ ਸਮੱਸਿਆ ਨੂੰ ਸਮਝ ਸਕਣ ਅਤੇ ਇਸ ਤੋਂ ਬਚਾਅ ਲਈ ਸਹੀ ਕਦਮ ਚੁੱਕ ਸਕਣ | ਇਸ ਟਾਕ ਸ਼ੋਅ ਨੂੰ ਮੈਸ਼-ਪ੍ਰੋਲਾਈਫ ਹਸਪਤਾਲ ਲੁਧਿਆਣਾ ਦੇ ਡਾਇਰੈਕਟਰ ਅਤੇ ਪ੍ਰਸਿੱਧ ਸਰਜਨ ਡਾ. ਹਰਪ੍ਰੀਤ ਸਿੰਘ ਜੌਲੀ ਸੰਬੋਧਨ ਕਰਨਗੇ | ਡਾ. ਜੌਲੀ ਆਪਣੇ ਵਿਸ਼ਾਲ ਤਜਰਬੇ ਅਤੇ ਮੁਹਾਰਤਾਂ ਦੇ ਆਧਾਰ 'ਤੇ ਮੋਟਾਪੇ ਦੇ ਕਾਰਨਾਂ, ਇਸ ਦੇ ਸਰੀਰ 'ਤੇ ਪੈਣ ਵਾਲੇ ਪ੍ਰਭਾਵਾਂ ਅਤੇ ਆਧੁਨਿਕ ਇਲਾਜ ਬਾਰੇ ਵਿਸਥਾਰ ਨਾਲ ਚਰਚਾ ਕਰਨਗੇ | ਮੋਟਾਪੇ ਨੂੰ ਸਮੇਂ 'ਤੇ ਕੰਟਰੋਲ ਨਾ ਕੀਤਾ ਜਾਵੇ ਤਾਂ ਇਹ ਜ਼ਿੰਦਗੀ ਦੀ ਗੁਣਵੱਤਾ ਨੂੰ ਘਟਾਉਣ ਦੇ ਨਾਲ-ਨਾਲ ਜਾਨਲੇਵਾ ਵੀ ਸਾਬਤ ਹੋ ਸਕਦਾ ਹੈ | ਇਸ ਟਾਕ ਸ਼ੋਅ ਵਿਚ ਸ਼ਾਮਿਲ ਹੋਣ ਵਾਲੇ ਲੋਕਾਂ ਨੂੰ ਮਾਹਿਰ ਡਾਕਟਰ ਨਾਲ ਸਿੱਧੀ ਗੱਲਬਾਤ ਕਰਨ ਦਾ ਮੌਕਾ ਮਿਲੇਗਾ | ਉਹ ਆਪਣੇ ਸਵਾਲ ਪੁੱਛ ਸਕਣਗੇ ਅਤੇ ਆਪਣੀ ਸਿਹਤ ਨਾਲ ਜੁੜੀਆਂ ਸਮੱਸਿਆਵਾਂ ਲਈ ਮਾਹਿਰ ਸਲਾਹ ਲੈ ਸਕਣਗੇ | ਇਹ ਪ੍ਰੋਗਰਾਮ ਪੂਰੀ ਤਰ੍ਹਾਂ ਮੁਫ਼ਤ ਹੋਵੇਗਾ |