ਦੇਵੀਗੜ੍ਹ 25 ਅਪ੍ਰੈਲ (ਰਾਜਿੰਦਰ ਸਿੰਘ ਮੌਜੀ)-ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਟੈਗੋਰ ਇੰਟਰਨੈਸ਼ਨਲ ਸਕੂਲ ਅਕਬਰਪੁਰ ਅਫ਼ਗ਼ਾਨਾਂ ਵਿਚ 'ਵਰਲਡ ਹੈਰੀਟੇਜ ਡੇ' (ਵਿਸ਼ਵ ਵਿਰਾਸਤ ਦਿਵਸ) ਨੂੰ ਸਮਰਪਿਤ ਇਕ ਵਿਲੱਖਣ ਪ੍ਰਦਰਸ਼ਨੀ ਲਗਾਈ ਗਈ | ਇਸ ਸਮਾਗਮ ਦਾ ਮੁੱਖ ਮਕਸਦ ਵਿਦਿਆਰਥੀਆਂ ਨੂੰ ਵਿਸ਼ਵ ਭਰ ਦੀਆਂ ਇਤਿਹਾਸਕ ਇਮਾਰਤਾਂ ਦੀ ਅਹਿਮੀਅਤ ਤੋਂ ਜਾਣੂ ਕਰਵਾਉਣਾ ਅਤੇ ਆਪਣੀ ਸਭਿਆਚਾਰਕ ਵਿਰਾਸਤ ਨੂੰ ਸੰਭਾਲਣ ਲਈ ਪ੍ਰੇਰਿਤ ਕਰਨਾ ਸੀ | ਪ੍ਰਦਰਸ਼ਨੀ ਦੌਰਾਨ ਵਿਦਿਆਰਥੀਆਂ ਨੇ ਆਪਣੀ ਕਲਾ ਅਤੇ ਸੂਝ-ਬੂਝ ਦਾ ਪ੍ਰਦਰਸ਼ਨ ਕਰਦੇ ਹੋਏ ਕਈ ਇਤਿਹਾਸਕ ਸਥਾਨਾਂ ਦੇ ਮਾਡਲ ਪੇਸ਼ ਕੀਤੇ | ਇਨ੍ਹਾਂ ਮਾਡਲਾਂ 'ਚ ਮੁੱਖ ਤੌਰ 'ਤੇ ਸ਼ਾਮਲ ਸਨ | ਸ੍ਰੀ ਹਰਿਮੰਦਰ ਸਾਹਿਬ (ਗੋਲਡਨ ਟੈਂਪਲ), ਲਾਲ ਕਿਲ੍ਹਾ, ਇੰਡੀਆ ਗੇਟ, ਲੋਟਸ ਟੈਂਪਲ, ਮਿਸਰ ਦੇ ਪਿਰਾਮਿਡ ਅਤੇ ਹੈਮਟਨ ਕੋਰਟ ਪੈਲੇਸ, ਵੱਖ-ਵੱਖ ਰਾਜਾਂ ਦੇ ਸਭਿਆਚਾਰ ਅਤੇ ਉਨ੍ਹਾਂ ਦੀਆਂ ਰਾਜਧਾਨੀਆਂ ਨੂੰ ਦਰਸਾਉਂਦੇ ਖ਼ੂਬਸੂਰਤ ਮਾਡਲ ਤਿਆਰ ਕੀਤੇ ਗਏ | ਵਿਦਿਆਰਥੀਆਂ ਨੇ ਨਾ ਸਿਰਫ ਇਹ ਮਾਡਲ ਬਣਾਏ, ਸਗੋਂ ਉੱਥੇ ਮੌਜੂਦ ਮਹਿਮਾਨਾਂ ਨੂੰ ਇਨ੍ਹਾਂ ਇਮਾਰਤਾਂ ਦੇ ਇਤਿਹਾਸ ਅਤੇ ਮਹੱਤਤਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਵੀ ਦਿੱਤੀ | ਸਕੂਲ ਦੇ ਡਾਇਰੈਕਟਰ ਗੌਰਵ ਗੁਲ੍ਹਾਟੀ, ਪ੍ਰਧਾਨ ਸਲੋਨੀ ਗੁਲ੍ਹਾਟੀ, ਮੈਨੇਜਰ ਸੁਸ਼ੀਲ ਮਿਸਰਾ ਅਤੇ ਪਿ੍ੰਸੀਪਲ ਡਾ. ਮੀਨਾਕਸ਼ੀ ਸੂਦ ਨੇ ਵਿਦਿਆਰਥੀਆਂ ਦੀ ਮਿਹਨਤ ਦੀ ਪੁਰਜ਼ੋਰ ਸ਼ਲਾਘਾ ਕੀਤੀ | ਉਨ੍ਹਾਂ ਕਿਹਾ ਕਿ ਅਜਿਹੀਆਂ ਪ੍ਰਦਰਸ਼ਨੀਆਂ ਬੱਚਿਆਂ ਵਿਚ ਖੋਜ ਕਰਨ ਦੀ ਰੁਚੀ ਪੈਦਾ ਕਰਦੀਆਂ ਹਨ ਅਤੇ ਉਨ੍ਹਾਂ ਦੇ ਆਤਮ-ਵਿਸ਼ਵਾਸ ਨੂੰ ਵਧਾਉਂਦੀਆਂ ਹਨ | ਆਪਣੀ ਵਿਰਾਸਤ ਨਾਲ ਜੁੜ ਕੇ ਹੀ ਵਿਦਿਆਰਥੀ ਇਕ ਜ਼ਿੰਮੇਵਾਰ ਨਾਗਰਿਕ ਬਣ ਸਕਦੇ ਹਨ | ਅੰਤ ਵਿਚ ਸਕੂਲ ਪ੍ਰਬੰਧਕਾਂ ਨੇ ਅਧਿਆਪਕਾਂ ਅਤੇ ਬੱਚਿਆਂ ਨੂੰ ਵਧਾਈ ਦਿੱਤੀ, ਭਵਿੱਖ ਵਿਚ ਵੀ ਅਜਿਹੇ ਗਿਆਨ ਵਰਧਕ ਪ੍ਰੋਗਰਾਮ ਉਲੀਕਣ ਦਾ ਭਰੋਸਾ ਦਿੱਤਾ |