ਦੇਵੀਗੜ੍ਹ, 2 ਮਈ (ਰਾਜਿੰਦਰ ਸਿੰਘ ਮੌਜੀ)-ਅੰਤਰਰਾਸ਼ਟਰੀ ਮਜਦੂਰ ਦਿਵਸ ਦੇ ਮੌਕੇ 'ਤੇ ਅੱਜ ਦੇਵੀਗੜ੍ਹ ਦੀ ਅਨਾਜ ਮੰਡੀ ਵਿਖੇ ਪੱਲੇਦਾਰ ਯੂਨੀਅਨ ਦੇਵੀਗੜ੍ਹ ਵਲੋਂ ਇਕ ਵਿਸ਼ੇਸ਼ ਅਤੇ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ | ਪੱਲੇਦਾਰ ਯੂਨੀਅਨ ਦੇਵੀਗੜ੍ਹ ਦੇ ਪ੍ਰਧਾਨ ਬਲਦੇਵ ਸਿੰਘ ਭੰਬੂਆਂ ਦੀ ਯੋਗ ਅਗਵਾਈ ਹੇਠ ਕਰਵਾਏ ਗਏ ਇਸ ਪ੍ਰੋਗਰਾਮ ਵਿਚ ਮਜ਼ਦੂਰਾਂ ਦੀ ਇਕਜੁੱਟਤਾ ਅਤੇ ਸ਼ਹੀਦਾਂ ਦੀ ਕੁਰਬਾਨੀ ਨੂੰ ਯਾਦ ਕੀਤਾ ਗਿਆ | ਇਸ ਮੌਕੇ ਆੜ੍ਹਤੀ ਰਾਜਵਿੰਦਰ ਸਿੰਘ ਹਡਾਣਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ | ਝੰਡਾ ਲਹਿਰਾਉਣ ਉਪਰੰਤ ਇਕੱਠ ਨੂੰ ਸੰਬੋਧਨ ਕਰਦਿਆਂ ਆੜ੍ਹਤੀ ਰਾਜਵਿੰਦਰ ਸਿੰਘ ਹਡਾਣਾ ਨੇ ਕਿਹਾ ਕਿ ਕਿਸੇ ਵੀ ਦੇਸ਼ ਜਾਂ ਸਮਾਜ ਦੀ ਤਰੱਕੀ ਮਜ਼ਦੂਰ ਦੇ ਮੁੜ੍ਹਕੇ ਤੋਂ ਬਿਨਾਂ ਅਧੂਰੀ ਹੈ | ਉਨ੍ਹਾਂ ਕਿਹਾ ਕਿ ਮਜ਼ਦੂਰ ਦਿਵਸ ਸਿਰਫ਼ ਇਕ ਦਿਨ ਦਾ ਤਿਉਹਾਰ ਨਹੀਂ, ਸਗੋਂ ਉਸ ਸਖ਼ਤ ਮਿਹਨਤ ਦਾ ਸਨਮਾਨ ਹੈ ਜੋ ਇਕ ਮਜ਼ਦੂਰ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਦੇਸ਼ ਦੇ ਵਿਕਾਸ ਵਿਚ ਪਾਉਂਦਾ ਹੈ | ਆੜ੍ਹਤੀ ਅਤੇ ਮਜਦੂਰ ਦਾ ਨਹੁੰ-ਮਾਸ ਦਾ ਰਿਸ਼ਤਾ ਹੈ ਅਤੇ ਅਸੀਂ ਹਮੇਸ਼ਾ ਮਜਦੂਰ ਭਰਾਵਾਂ ਦੀਆਂ ਮੁਸ਼ਕਲਾਂ ਵਿਚ ਉਨ੍ਹਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਾਂ | ਯੂਨੀਅਨ ਦੇ ਪ੍ਰਧਾਨ ਬਲਦੇਵ ਸਿੰਘ ਭੰਬੂਆਂ ਨੇ ਮਜ਼ਦੂਰ ਦਿਵਸ ਦੇ ਇਤਿਹਾਸ 'ਤੇ ਚਾਨਣਾ ਪਾਉਂਦਿਆਂ ਦੱਸਿਆ ਕਿ ਇਹ ਦਿਨ ਸ਼ਿਕਾਗੋ ਦੇ ਉਨ੍ਹਾਂ ਸ਼ਹੀਦਾਂ ਦੀ ਯਾਦ ਦਿਵਾਉਂਦਾ ਹੈ ਜਿਨ੍ਹਾਂ ਨੇ ਅੱਠ ਘੰਟੇ ਕੰਮ ਦੀ ਦਿਹਾੜੀ ਨਿਸ਼ਚਿਤ ਕਰਵਾਉਣ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਸਨ | ਉਨ੍ਹਾਂ ਨੇ ਸਮੂਹ ਪੱਲੇਦਾਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋਣ ਅਤੇ ਹਮੇਸ਼ਾ ਯੂਨੀਅਨ ਦੀ ਮਜ਼ਬੂਤੀ ਲਈ ਇਕੱਠੇ ਰਹਿਣ | ਸਮਾਗਮ ਦੇ ਅਖੀਰ ਵਿਚ ਪ੍ਰਧਾਨ ਬਲਦੇਵ ਸਿੰਘ ਭੰਬੂਆਂ ਨੇ ਮੁੱਖ ਮਹਿਮਾਨ ਰਾਜਵਿੰਦਰ ਸਿੰਘ ਹਡਾਣਾ ਅਤੇ ਹੋਰ ਆਏ ਹੋਏ ਪਤਵੰਤਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ | ਉਨ੍ਹਾਂ ਕਿਹਾ ਕਿ ਹਡਾਣਾ ਵਰਗੀਆਂ ਸ਼ਖ਼ਸੀਅਤਾਂ ਵਲੋਂ ਮਜਦੂਰਾਂ ਦੇ ਪ੍ਰੋਗਰਾਮ ਵਿਚ ਪਹੁੰਚ ਕੇ ਮਾਣ ਵਧਾਉਣ ਨਾਲ ਮਜਦੂਰ ਵਰਗ ਵਿਚ ਇਕ ਨਵਾਂ ਉਤਸ਼ਾਹ ਪੈਦਾ ਹੁੰਦਾ ਹੈ | ਇਸ ਮੌਕੇ ਯੂਨੀਅਨ ਦੇ ਅਹੁਦੇਦਾਰਾਂ ਵਲੋਂ ਮਹਿਮਾਨਾਂ ਨੂੰ ਸਿਰੋਪਾਉ ਦੇ ਕੇ ਸਨਮਾਨਿਤ ਵੀ ਕੀਤਾ ਗਿਆ | ਸਮਾਗਮ ਵਿਚ ਵੱਡੀ ਗਿਣਤੀ ਵਿਚ ਪੱਲੇਦਾਰ ਮਜ਼ਦੂਰ, ਆੜ੍ਹਤੀ ਅਤੇ ਸਥਾਨਕ ਆਗੂ ਹਾਜ਼ਰ ਸਨ | ਜਿਨ੍ਹਾਂ ਵਿਚ ਆੜ੍ਹਤੀ ਗਣੇਸ਼ੀ ਰਾਮ, ਸ੍ਰੀ ਰਾਮ ਗੁਪਤਾ, ਭੁਪਿੰਦਰ ਸਿੰਘ ਪ੍ਰਧਾਨ, ਵੇਦ ਪ੍ਰਕਾਸ਼, ਜੰਗ ਸਿੰਘ, ਭੁਪਿੰਦਰ ਸਿੰਘ ਪ੍ਰਧਾਨ ਦੁੱਧਨਸਾਧਾਂ, ਟਰੱਕ ਯੂਨੀਅਨ ਦੇ ਪ੍ਰਧਾਨ ਧਿਆਨ ਸਿੰਘ, ਕੌਂਸਲਰ ਗੁਰਮੀਤ ਸਿੰਘ ਭੰਬੂਆਂ, ਦਾਨੂੰ ਲਾਂਬਾ, ਸਵਰਨ ਸਿੰਘ ਆੜ੍ਹਤੀ, ਬੰਤ ਸਿੰਘ, ਕਰਮਾ, ਰਾਮ ਕੁਮਾਰ, ਜਗਤਾਰ ਸਿੰਘ, ਹਰਫੂਲ ਸਿੰਘ, ਪਰਮਜੀਤ ਸਿੰਘ, ਨਛੱਤਰ ਸਿੰਘ, ਜਸਵੀਰ ਸਿੰਘ ਅਤੇ ਜੈ ਸਿੰਘ ਹਾਜਰ ਸਨ |