ਦੇਵੀਗੜ੍ਹ 2 ਮਈ (ਰਾਜਿੰਦਰ ਸਿੰਘ ਮੌਜੀ)-ਟੈਗੋਰ ਇੰਟਰਨੈਸ਼ਨਲ ਸਕੂਲ ਅਕਬਰਪੁਰ ਅਫਗਾਨਾ 'ਚ ਅੱਜ ਇਕ ਐਸਾ ਮਨਮੋਹਕ ਅਤੇ ਗੌਰਵਮਈ ਦਿ੍ਸ਼ ਦੇਖਣ ਨੂੰ ਮਿਲਿਆ, ਜਿੱਥੇ ਸਿੱਖੀ ਦੀ ਅਨਮੋਲ ਵਿਰਾਸਤ, ਸਭਿਆਚਾਰ ਅਤੇ ਆਤਮ-ਗੌਰਵ ਦੀ ਖ਼ੁਸ਼ਬੂ ਹਰ ਪਾਸੇ ਮਹਿਕ ਰਹੀ ਸੀ | ਦਸਤਾਰਬੰਦੀ ਹਾਊਸ ਮੁਕਾਬਲੇ ਬੜੇ ਹੀ ਭਾਵਪੂਰਨ ਅਤੇ ਉਤਸ਼ਾਹਪੂਰਨ ਢੰਗ ਨਾਲ ਕਰਵਾਏ ਗਏ, | ਜਿਸ ਨੇ ਹਰ ਇਕ ਦੇ ਦਿਲ ਨੂੰ ਛੂਹ ਲਿਆ | ਇਸ ਵਿਲੱਖਣ ਮੁਕਾਬਲੇ ਵਿਚ ਵਿਦਿਆਰਥੀਆਂ ਨੇ ਸਿਰਫ ਦਸਤਾਰ ਬੰਨ੍ਹਣ ਦੀ ਕਲਾ ਹੀ ਨਹੀਂ ਦਿਖਾਈ, ਸਗੋਂ ਆਪਣੀ ਪਹਿਚਾਣ, ਸਭਿਆਚਾਰ ਅਤੇ ਸਿੱਖੀ ਮਰਿਆਦਾ ਪ੍ਰਤੀ ਅਟੱਲ ਵਿਸ਼ਵਾਸ ਨੂੰ ਵੀ ਬੜੀ ਸੋਹਣੀ ਢੰਗ ਨਾਲ ਪ੍ਰਗਟਾਇਆ | ਹਰ ਇਕ ਵਿਦਿਆਰਥੀ ਦੇ ਚਿਹਰੇ 'ਤੇ ਵਿਸ਼ਵਾਸ, ਅੱਖਾਂ ਵਿੱਚ ਚਮਕ ਅਤੇ ਦਿਲ ਵਿਚ ਆਪਣੀ ਵਿਰਾਸਤ ਲਈ ਮਾਣ ਸਾਫ਼ ਝਲਕਦਾ ਸੀ | ਇਸ ਮੌਕੇ 'ਤੇ ਸਕੂਲ ਨਿਰਦੇਸ਼ਕ ਗੌਰਵ ਗੁਲ੍ਹਾਟੀ, ਪੈ੍ਰਜ਼ੀਡੈਂਟ ਸਲੋਨੀ ਗੁਲ੍ਹਾਟੀ, ਮੈਨੇਜਰ ਸੁਸ਼ੀਲ ਮਿਸ਼ਰਾ ਅਤੇ ਪਿ੍ੰਸੀਪਲ ਡਾ. ਮੀਨਾਕਸ਼ੀ ਸੂਦ ਨੇ ਵਿਦਿਆਰਥੀਆਂ ਦੇ ਜਜ਼ਬੇ ਅਤੇ ਪ੍ਰਸਤੁਤੀ ਦੀ ਖੂਬ ਪ੍ਰਸੰਸਾ ਕੀਤੀ | ਉਨ੍ਹਾਂ ਨੇ ਕਿਹਾ ਕਿ ਦਸਤਾਰ ਸਿਰਫ ਇਕ ਪਹਿਰਾਵਾ ਨਹੀਂ, ਸਗੋਂ ਇਹ ਸਾਡੀ ਸ਼ਾਨ ਅਤੇ ਅਸਲੀ ਪਹਿਚਾਣ ਦਾ ਪ੍ਰਤੀਕ ਹੈ | ਇਸ ਤਰ੍ਹਾਂ ਦੇ ਉਪਰਾਲੇ ਨਵੀਂ ਪੀੜ੍ਹੀ ਨੂੰ ਆਪਣੀ ਜੜ੍ਹਾਂ ਨਾਲ ਜੋੜਦੇ ਹਨ ਅਤੇ ਉਨ੍ਹਾਂ ਦੇ ਅੰਦਰ ਸਭਿਆਚਾਰਕ ਮੁੱਲਾਂ ਦੀ ਮਜ਼ਬੂਤੀ ਪੈਦਾ ਕਰਦੇ ਹਨ | ਮੁਕਾਬਲੇ ਦੇ ਅੰਤ ਵਿਚ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ, ਇਨ੍ਹਾਂ ਵਿਦਿਆਰਥੀਆਂ ਵਿਚੋਂ ਸ਼ਾਨ ਏ ਦਸਤਾਰ ਗੁਰਸੇਵਕ ਸਿੰਘ ਜਮਾਤ ਅੱਠਵੀਂ, ਦਸਤਾਰ ਏ ਸਰਤਾਜ ਹਰਜਸ ਸਿੰਘ ਜਮਾਤ ਅੱਠਵੀਂ, ਵਾਈਬਰੈਂਟ ਟਰਬਨ ਅਵਾਰਡ ਗੁਰਸ਼ਰਨ ਸਿੰਘ ਜਮਾਤ ਅੱਠਵੀਂ, ਬੈੱਸਟ ਸੇਪ ਟਰਬਨ ਅਵਾਰਡ ਸਾਹਿਬਜੋਤ ਸਿੰਘ ਜਮਾਤ ਨੌਵੀਂ, ਸਪੀਡ ਟਰਬਨੇਟਰ ਅਵਾਰਡ ਅਭਿਜੋਤ ਸਿੰਘ ਦਸਵੀਂ ਜਮਾਤ ਨੇ ਪ੍ਰਾਪਤ ਕੀਤੇ ਪਰ ਅਸਲ ਜਿੱਤ ਹਰ ਉਸ ਦਿਲ ਦੀ ਸੀ ਜੋ ਅੱਜ ਆਪਣੀ ਵਿਰਾਸਤ ਨਾਲ ਹੋਰ ਵੀ ਡੂੰਘਾ ਜੁੜ ਗਿਆ | ਇਹ ਸਮਾਗਮ ਨਾ ਸਿਰਫ ਇਕ ਮੁਕਾਬਲਾ ਸੀ, ਸਗੋਂ ਸਿੱਖੀ ਦੀ ਮਹਾਨਤਾ ਅਤੇ ਸਭਿਆਚਾਰਕ ਮਾਣ ਦਾ ਜੀਵੰਤ ਪ੍ਰਤੀਕ ਬਣ ਗਿਆ |