ਪਟਿਆਲਾ, 2 ਮਈ (ਧਰਮਿੰਦਰ ਸਿੰਘ ਸਿੱਧੂ)-13 ਮਈ ਨੂੰ ਸ਼ੁਰੂ ਹੋ ਰਹੀ ਜਨਗਣਨਾ ਦੀ ਸ਼ੁਰੂਆਤ ਤੋਂ ਪਹਿਲਾਂ ਚੱਲ ਰਹੀ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੇ ਟਰੇਨਿੰਗ ਨੇ ਸੂਬੇ ਦੇ ਵੱਡੇ ਪੱਧਰ 'ਤੇ ਸਰਕਾਰੀ ਸਕੂਲ ਅਧਿਆਪਕਾਂ ਤੋਂ ਵਾਂਝੇ ਕਰ ਦਿੱਤੇ ਹਨ | ਹਾਲ-ਏ-ਆਲਮ ਇਹ ਹੈ ਕਿ 20 ਤੋਂ 25 ਅਧਿਆਪਕਾਂ ਵਿਚੋਂ 17-18 ਅਧਿਆਪਕ ਟਰੇਨਿੰਗ ਉੱਤੇ ਭੇਜੇ ਜਾ ਰਹੇ ਹਨ | ਜਿਨ੍ਹਾਂ ਦੀ ਪਿਛਲੇ 12 ਦਿਨਾਂ ਤੋਂ ਟਰੇਨਿੰਗ ਚੱਲ ਰਹੀ ਹੈ ਅਤੇ ਹਾਲੇ 6 ਮਈ ਤੱਕ ਇਹ ਅੱਗੇ ਚੱਲਦੀ ਰਹੇਗੀ | ਟਰੇਨਿੰਗ ਉੱਤੇ ਜਾਣ ਵਾਲੇ ਵੱਡੀ ਗਿਣਤੀ ਅਧਿਆਪਕਾਂ ਕਾਰਨ ਪਿਛਲੇ ਲਗਪਗ ਇਕ ਮਹੀਨੇ ਤੋਂ ਸਰਕਾਰੀ ਸਕੂਲ ਦੇ ਬੱਚਿਆਂ ਦੇ ਨਵੇਂ ਸੈਸ਼ਨ ਦੌਰਾਨ ਹੀ ਸਕੂਲਾਂ ਵਿਚ ਅਧਿਆਪਕਾਂ ਦਾ ਨਾ ਹੋਣਾ ਜਿਥੇ ਮਾਪਿਆਂ ਨੂੰ ਖੜਕ ਰਿਹਾ ਹੈ ਉੱਥੇ ਇਸ ਨਾਲ ਜਿਥੇ ਦਾਖਲਿਆਂ ਉੱਤੇ ਅਸਰ ਪਵੇਗਾ ਉੱਥੇ ਹੀ ਸਰਕਾਰੀ ਸਕੂਲ ਦੇ ਅਧਿਆਪਕ ਵੀ ਇਸ ਟਰੇਨਿੰਗ ਤੋਂ ਅੱਕੇ ਨਜ਼ਰ ਆ ਰਹੇ ਹਨ | ਜੇਕਰ ਗੱਲ ਕਰੀਏ ਟਰੇਨਿੰਗ ਉੱਤੇ ਜਾਣ ਵਾਲੇ ਅਧਿਆਪਕਾਂ ਦੀ ਤਾਂ ਬੇਸ਼ੱਕ ਜਨਗਣਨਾ ਕਰਨ ਲਈ ਸਮਾਂ ਸਕੂਲ ਦੇ ਸਮੇਂ ਤੋਂ ਬਾਅਦ ਨਿਸ਼ਚਿਤ ਕੀਤਾ ਗਿਆ ਹੈ | ਪ੍ਰੰਤੂ ਪਿਛਲੇ ਲਗਪਗ 15 ਦਿਨਾਂ ਤੋਂ ਸਰਕਾਰੀ ਸਕੂਲਾਂ ਦਾ ਅਧਿਆਪਕਾਂ ਤੋਂ ਸੱਖਣੇ ਹੋਣਾ ਅਤੇ 90 ਤੋਂ 95 ਫ਼ੀਸਦੀ ਸਰਕਾਰੀ ਸਕੂਲਾਂ ਦੀ ਅਧਿਆਪਕਾਂ ਨੂੰ ਟਰੇਨਿੰਗ ਲਈ ਭੇਜਣਾ ਸਰਕਾਰੀ ਸਕੂਲਾਂ ਨੂੰ ਤਾਲੇ ਲਗਾਉਣ ਜਿਹਾ ਮਾਹੌਲ ਹੋਇਆ ਪਿਆ ਹੈ | ਬੇਸ਼ੱਕ ਬਹੁਤੇ ਅਧਿਆਪਕ ਇਸ ਟਰੇਨਿੰਗ ਵਿਚ ਜਾਣ ਲਈ ਮਜਬੂਰ ਹਨ | ਪ੍ਰੰਤੂ ਕੁਝ ਸਿਫ਼ਾਰਸ਼ੀ ਅਧਿਆਪਕ ਵੱਖ ਵੱਖ ਤਰ੍ਹਾਂ ਦੀਆਂ ਹੱਥਕੰਡੇ ਅਪਣਾ ਕੇ ਡਿਊਟੀ ਕਟਵਾਉਣ ਵਿਚ ਵੀ ਲੱਗੇ ਹੋਏ ਹਨ | ਨਵੇਂ ਸੈਸ਼ਨ ਦੇ ਸ਼ੁਰੂ ਹੁੰਦਿਆਂ ਹੀ ਜਿਥੇ ਪਹਿਲਾ ਮਹੀਨਾ ਹੀ ਬੱਚੇ ਆਪਣੇ ਅਧਿਆਪਕਾਂ ਤੋਂ ਵਾਂਝੇ ਰਹੇ ਹਨ ਉੱਥੇ ਹੀ ਸਰਕਾਰੀ ਸਕੂਲਾਂ ਵਿਚ ਬਣੇ ਇਹ ਗੈਰਵਿਦਿਅਕ ਮਾਹੌਲ ਤੋਂ ਬਾਅਦ ਸਰਕਾਰ ਕਿਵੇਂ ਅਧਿਆਪਕਾਂ ਅਤੇ ਬੱਚਿਆਂ ਤੋਂ ਚੰਗੀ ਪੜ੍ਹਾਈ ਸਮੇਤ ਚੰਗੇ ਨਤੀਜਿਆਂ ਦੀ ਉਮੀਦ ਕਰ ਸਕਦੀ ਹੈ | ਇਸ ਮੌਕੇ ਗੱਲਬਾਤ ਕਰਦਿਆਂ ਗੌਰਮਿੰਟ ਟੀਚਰ ਯੂਨੀਅਨ ਪੰਜਾਬ ਦੇ ਪਟਿਆਲਾ ਪ੍ਰਧਾਨ ਜਸਵਿੰਦਰ ਸਿੰਘ ਸਮਾਣਾ ਅਤੇ ਸਕੱਤਰ ਪਰਮਜੀਤ ਸਿੰਘ ਪਟਿਆਲਾ ਨੇ ਕਿਹਾ ਕਿ ਸਿੱਖਿਆ ਕ੍ਰਾਂਤੀ ਦਾ ਦਾਅਵਾ ਕਰਨ ਵਾਲੀ ਸਰਕਾਰ ਪੰਜਾਬ ਦੀ ਨੌਜਵਾਨੀ ਦਾ ਭਵਿੱਖ ਦਾਅ 'ਤੇ ਲਾ ਰਹੀ ਹੈ | ਇਸ ਤਰ੍ਹਾਂ ਦਾ ਗੈਰਵਿਦਿਅਕ ਮਾਹੌਲ ਪੈਦਾ ਕਰਨ ਵਾਲੀ ਸਰਕਾਰ ਆਉਣ ਵਾਲੇ ਸਮੇਂ ਵਿਚ ਇਸ ਦੇ ਸਿੱਟੇ ਭੁਗਤਣ ਲਈ ਤਿਆਰ ਰਹੇ | ਕੁਝ ਅਧਿਆਪਕਾਂ ਵਲੋਂ ਆਪਣਾ ਨਾਮ ਨਾ ਦੱਸਣ ਦੀ ਸੂਰਤ ਵਿਚ ਕਿਹਾ ਗਿਆ ਕਿ ਸਿੱਖਿਆ ਵਿਭਾਗ ਹਰ ਵਾਰੀ ਸਰਕਾਰ ਵਲੋਂ ਲਗਾਈਆਂ ਜਾਂਦੀਆਂ ਸਰਕਾਰੀ ਅਧਿਆਪਕਾਂ ਦੀਆਂ ਗੈਰਵਿਦਿਅਕ ਡਿਊਟੀਆਂ ਉੱਤੇ ਕਦੇ ਵੀ ਕਿੰਤੂ ਪ੍ਰੰਤੂ ਨਹੀਂ ਕਰਦਾ ਅਤੇ ਸਕੂਲਾਂ ਵਿਚ ਪੜ੍ਹਾਈ ਕਰਵਾਉਣ ਵਾਲੇ ਅਧਿਆਪਕਾਂ ਤੋਂ ਵਿੱਦਿਅਕ ਦੀ ਥਾਂ 'ਤੇ ਗੈਰਵਿਦਿਅਕ ਕੰਮ ਕਰਵਾ ਕੇ ਬੱਚਿਆਂ ਦੀ ਜ਼ਿੰਦਗੀ ਨਾਲ ਖਿਲਵਾੜ ਕੀਤਾ ਜਾਂਦਾ ਹੈ | ਜਦੋਂ ਕਿ ਅਧਿਆਪਕ ਬੱਚੇ ਦੇ ਜੀਵਨ ਵਿਚ ਅਹਿਮ ਕੜੀ ਵਜੋਂ ਕੰਮ ਕਰਦੇ ਹਨ | ਪ੍ਰੰਤੂ ਸਿੱਖਿਆ ਵਿਭਾਗ ਦੀ ਚੁੱਪੀ ਕਾਰਨ ਸੂਬੇ ਦੇ ਅਧਿਆਪਕ ਨਿਰਾਸ਼ਾ ਦੇ ਆਲਮ ਵਿਚ ਹਨ |