ਸਨੌਰ, 5 ਮਈ (ਸੋਖਲ)-ਭਾਰਤੀ ਜਨਤਾ ਪਾਰਟੀ ਦੀ ਸ਼ਾਨਦਾਰ ਜਿੱਤ ਦੇ ਮੌਕੇ 'ਤੇ ਹਲਕਾ ਸਨੌਰ ਦੇ ਸੀਨੀਅਰ ਆਗੂ ਸਤਪਾਲ ਸਿੰਘ ਪੁਨੀਆ ਵਲੋਂ ਖ਼ੁਸ਼ੀ ਦਾ ਹਲਕਾ ਸਨੌਰ 'ਚ ਜਸ਼ਨ ਮਨਾਇਆ ਗਿਆ | ਇਸ ਦੌਰਾਨ ਉਨ੍ਹਾਂ ਨੇ ਆਪਣੇ ਸਮਰਥਕਾਂ ਅਤੇ ਇਲਾਕੇ ਦੇ ਲੋਕਾਂ ਨਾਲ ਮਿਲ ਕੇ ਲੱਡੂ ਵੰਡੇ ਅਤੇ ਭਾਜਪਾ ਦੀ ਜਿੱਤ ਨੂੰ ਇਤਿਹਾਸਕ ਕਰਾਰ ਦਿੱਤਾ | ਭਾਜਪਾ ਵਰਕਰਾਂ ਨੇ ਨਾਅਰੇਬਾਜ਼ੀ ਕਰਦੇ ਹੋਏ ਇਕ-ਦੂਜੇ ਨੂੰ ਵਧਾਈ ਦਿੱਤੀ | ਪ੍ਰੋਗਰਾਮ 'ਚ ਵੱਡੀ ਗਿਣਤੀ ਵਿਚ ਸਥਾਨਕ ਲੋਕ ਸ਼ਾਮਲ ਹੋਏ ਅਤੇ ਸਭ ਨੇ ਮਿਲ ਕੇ ਇਸ ਖੁਸ਼ੀ ਦੇ ਪਲ ਨੂੰ ਸਾਂਝਾ ਕੀਤਾ | ਇਸ ਮੌਕੇ ਸਤਪਾਲ ਸਿੰਘ ਪੁਨੀਆ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਹ ਜਿੱਤ ਦੇਸ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਅਤੇ ਭਾਜਪਾ ਦੀਆਂ ਲੋਕ-ਹਿਤੈਸੀ ਨੀਤੀਆਂ ਦਾ ਨਤੀਜਾ ਹੈ | ਉਨ੍ਹਾਂ ਕਿਹਾ ਕਿ ਜਨਤਾ ਨੇ ਭਾਜਪਾ 'ਤੇ ਭਰੋਸਾ ਜਤਾਇਆ ਹੈ ਅਤੇ ਇਹ ਜਿੱਤ ਇਸ ਗੱਲ ਦਾ ਸਬੂਤ ਹੈ ਕਿ ਲੋਕ ਵਿਕਾਸ ਅਤੇ ਸਥਿਰ ਸਰਕਾਰ ਚਾਹੁੰਦੇ ਹਨ | ਉਨ੍ਹਾਂ ਆਪਣੇ ਬਿਆਨ ਵਿਚ ਕਿਹਾ, ਇਹ ਜਿੱਤ ਸਿਰਫ ਭਾਜਪਾ ਦੀ ਨਹੀਂ, ਸਗੋਂ ਹਰ ਉਸ ਆਮ ਨਾਗਰਿਕ ਦੀ ਜਿੱਤ ਹੈ ਜੋ ਵਿਕਾਸ, ਪਾਰਦਰਸ਼ਤਾ ਅਤੇ ਸੁਸਾਸ਼ਨ ਦੀ ਉਮੀਦ ਰੱਖਦਾ ਹੈ | ਹੁਣ ਪੰਜਾਬ ਵਿਚ ਵੀ ਭਾਜਪਾ ਦੀ ਸਰਕਾਰ ਬਣੇਗੀ ਅਤੇ ਅਸੀਂ ਸੂਬੇ ਨੂੰ ਤਰੱਕੀ ਦੇ ਨਵੇਂ ਰਾਹ 'ਤੇ ਲੈ ਕੇ ਜਾਵਾਂਗੇ |