ਸਮਾਣਾ, 5 ਮਈ (ਸਾਹਿਬ ਸਿੰਘ)-ਅੱਜ ਪਬਲਿਕ ਕਾਲਜ, ਸਮਾਣਾ ਵਿਖੇ ਬੀ.ਏ. ਭਾਗ ਤੀਜਾ ਜਮਾਤ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਤੇ ਪ੍ਰਭਾਵਸ਼ਾਲੀ ਵਿਦਾਇਗੀ ਸਮਾਗਮ ਕਰਵਾਇਆ ਗਿਆ | ਇਸ ਪਾਰਟੀ ਦਾ ਪ੍ਰਬੰਧ ਬੀ.ਏ. ਭਾਗ ਦੂਜਾ ਜਮਾਤ ਦੇ ਵਿਦਿਆਰਥੀਆਂ ਵਲੋਂ ਕੀਤਾ ਗਿਆ | ਪਾਰਟੀ ਦਾ ਆਰੰਭ ਕਾਲਜ ਪਿ੍ੰਸੀਪਲ ਡਾ. ਹਰਕੀਰਤ ਸਿੰਘ ਦੀ ਰਹਿਨੁਮਾਈ ਹੇਠ ਹੋਇਆ | ਸਮਾਗਮ ਦਾ ਆਰੰਭ ਪਿ੍ੰਸੀਪਲ ਡਾ. ਹਰਕੀਰਤ ਸਿੰਘ ਨੇ ਰਿਬਨ ਕੱਟ ਕੇ ਕੀਤਾ | ਵਿਦਿਆਰਥੀਆਂ ਨੇ ਪਿ੍ੰਸੀਪਲ ਨੂੰ ਗੁਲਦਸਤਾ ਦੇ ਕੇ ਉਨ੍ਹਾਂ ਦਾ ਸਵਾਗਤ ਕੀਤਾ | ਇਸ ਵਿਦਾਇਗੀ ਪਾਰਟੀ ਵਿਚ ਵੱਖ-ਵੱਖ ਵਿਭਾਗਾਂ ਦੇ ਮੁਖੀ ਅਤੇ ਪ੍ਰੋਫੈਸਰ ਨੇ ਹਾਜ਼ਰੀ ਲਗਵਾਈ ਅਤੇ ਪਾਰਟੀ ਦਾ ਖੂਬ ਆਨੰਦ ਮਾਣਿਆ | ਇਸ ਮੌਕੇ ਕਾਲਜ ਪਿ੍ੰਸੀਪਲ ਡਾ. ਹਰਕੀਰਤ ਸਿੰਘ ਨੇ ਕਿਹਾ ਕਿ ਇਹ ਵਿਦਾਇਗੀ ਪਾਰਟੀਆਂ ਵਿਦਿਆਰਥੀਆਂ ਦੀ ਕਾਲਜ ਤੋਂ ਰੁਖ਼ਸਤ ਹੋਣ ਦੀ ਇਕ ਰਵਾਇਤ ਹੈ ਜਿਹੜੀ ਕਿ ਹਮੇਸ਼ਾ ਚਲਦੀ ਰਹਿਣੀ ਚਾਹੀਦੀ ਹੈ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਉੱਚ ਪਦਵੀਆਂ ਅਤੇ ਤਰੱਕੀਆਂ ਪਾਉਣ ਦਾ ਆਸ਼ੀਰਵਾਦ ਵੀ ਦਿੱਤਾ | ਬੀ.ਏ. ਭਾਗ ਤੀਜਾ ਕਲਾਸ ਦੀ ਵਿਦਿਆਰਥਣ ਮੁਸਕਾਨ 'ਮਿਸ ਫੇਅਰਵੈੱਲ' ਅਤੇ ਵਿਦਿਆਰਥੀ ਅਰਮਾਨ ਸਿੰਘ 'ਮਿਸਟਰ ਫੇਅਰਵੈੱਲ' ਚੁਣੇ ਗਏ | ਇਸ ਮੌਕੇ ਬੀ.ਏ. ਭਾਗ ਦੂਜਾ ਕਲਾਸ ਦੇ ਵਿਦਿਆਰਥੀਆਂ ਵਲੋਂ ਵੱਖ-ਵੱਖ ਮਨੋਰੰਜਕ ਖੇਡਾਂ ਕਰਵਾਈਆਂ ਗਈਆਂ | ਸਾਰੇ ਵਿਦਿਆਰਥੀਆਂ ਨੇ ਅਨੁਸ਼ਾਸਨ ਵਿਚ ਰਹਿ ਕੇ ਇਸ ਵਿਦਾਇਗੀ ਪਾਰਟੀ ਦਾ ਖੂਬ ਆਨੰਦ ਲਿਆ |